Loading Bible Translation
First-time download in progress. This may take a few seconds…
Punjabi Bible Wordproject Bible
19 verses
1ਤਾਂ ਡੰਡੇ ਵਰਗਾ ਇੱਕ ਕਾਨਾ ਮੈਨੂੰ ਦਿੱਤਾ ਗਿਆ ਅਤੇ ਇਹ ਬਚਨ ਹੋਇਆ ਭਈ ਉੱਠ, ਪਰਮੇਸ਼ੁਰ ਦੀ ਹੈਕਲ ਨੂੰ ਅਤੇ ਜਗਵੇਦੀ ਨੂੰ ਅਤੇ ਓਹਨਾਂ ਨੂੰ ਜਿਹੜੇ ਉੱਥੇ ਭਜਨ ਕਰਦੇ ਹਨ ਮਿਣ ਲੈ।
2ਅਤੇ ਓਸ ਵਿਹੜੇ ਨੂੰ ਜਿਹੜਾ ਹੈਕਲੋਂ ਬਾਹਰ ਹੈ ਛੱਡ ਲੈ ਅਤੇ ਉਹ ਨੂੰ ਨਾ ਮਿਣ ਇਸ ਲਈ ਜੋ ਉਹ ਪਰਾਈਆਂ ਕੌਮਾਂ ਨੂੰ ਦਿੱਤਾ ਗਿਆ ਹੈ ਅਤੇ ਓਹ ਪਵਿੱਤਰ ਨਗਰੀ ਨੂੰ ਬਤਾਲੀਆਂ ਮਹੀਨਿਆਂ ਤੀਕ ਲਤਾੜਨਗੀਆਂ।
3ਮੈਂ ਆਪਣਿਆਂ ਦੋਹਾਂ ਗਵਾਹਾਂ ਨੂੰ ਇਹ ਦਾਨ ਕਰਾਂਗਾ ਭਈ ਓਹ ਤਪੜ ਪਹਿਨੇ ਇੱਕ ਹਜ਼ਾਰ ਦੋ ਸੌ ਸੱਠ ਦਿਨ ਅਗੰਮ ਵਾਕ ਕਰਨਗੇ।
4ਏਹ ਓਹ ਦੋ ਜ਼ੈਤੂਨ ਦੇ ਰੁੱਖ ਅਤੇ ਦੋ ਸ਼ਮਾਦਾਨ ਹਨ ਜਿਹੜੇ ਧਰਤੀ ਦੇ ਪ੍ਰਭੁ ਦੀ ਦਰਗਾਹੇ ਖਲੋਤੇ ਰਹਿੰਦੇ ਹਨ।
5ਜੇ ਕੋਈ ਓਹਨਾਂ ਦਾ ਵਿਗਾੜ ਕਰਨਾ ਚਾਹੇ ਤਾਂ ਓਹਨਾਂ ਦੇ ਮੂੰਹੋਂ ਅੱਗ ਨਿੱਕਲਦੀ ਹੈ ਅਤੇ ਓਹਨਾਂ ਦੇ ਵੈਰੀਆਂ ਨੂੰ ਚੱਟ ਕਰ ਜਾਂਦੀ ਹੈ। ਸੋ ਜੇ ਕੋਈ ਓਹਨਾਂ ਦਾ ਵਿਗਾੜ ਕਰਨਾ ਚਾਹੇ ਤਾਂ ਅਵੱਸ਼ ਹੈ ਜੋ ਉਹ ਇਸੇ ਪਰਕਾਰ ਮਾਰਿਆ ਜਾਵੇ।
6ਅਕਾਸ਼ ਬੰਦ ਕਰਨਾ ਓਹਨਾਂ ਦੇ ਵੱਸ ਹੈ ਭਈ ਓਹਨਾਂ ਦੇ ਅਗੰਮ ਵਾਕ ਦੇ ਦਿਨੀਂ ਵਰਖਾ ਨਾ ਪਵੇ, ਅਤੇ ਪਾਣੀ ਓਹਨਾਂ ਦੇ ਵੱਸ ਵਿੱਚ ਹਨ ਭਈ ਉਨ੍ਹਾਂ ਨੂੰ ਲਹੂ ਬਣਾ ਦੇਣ ਅਤੇ ਜਦ ਕਦੇ ਓਹਨਾਂ ਦਾ ਜੀ ਕਰੇ ਧਰਤੀ ਨੂੰ ਸਭ ਪਰਕਾਰ ਦੀਆਂ ਬਵਾਂ ਨਾਲ ਮਾਰਨ।
7ਜਦ ਓਹ ਆਪਣੀ ਸਾਖੀ ਭਰ ਹਟਣਗੇ ਤਦ ਉਹ ਦਰਿੰਦਾ ਜਿਹੜਾ ਅਥਾਹ ਕੁੰਡ ਵਿੱਚੋਂ ਚੜ੍ਹ ਆਉਂਦਾ ਹੈ ਓਹਨਾਂ ਨਾਲ ਜੁੱਧ ਕਰੇਗਾ ਅਤੇ ਓਹਨਾਂ ਨੂੰ ਜਿੱਤ ਲਵੇਗਾ ਅਤੇ ਓਹਨਾਂ ਨੂੰ ਮਾਰ ਸੁੱਟੇਗਾ।
8ਅਤੇ ਓਹਨਾਂ ਦੀਆਂ ਲੋਥਾਂ ਓਸ ਵੱਡੀ ਨਗਰੀ ਦੇ ਚੌਂਕ ਵਿੱਚ ਪਈਆਂ ਰਹਿਣਗੀਆਂ ਜਿਹੜੀ ਆਤਮਕ ਬਿਧ ਨਾਲ ਸਦੂਮ ਅਤੇ ਮਿਸਰ ਕਰਕੇ ਸਦਾਉਂਦੀ ਹੈ ਜਿੱਥੇ ਓਹਨਾਂ ਦਾ ਪ੍ਰਭੁ ਵੀ ਸਲੀਬ ਦਿੱਤਾ ਗਿਆ ਸੀ।
9ਉੱਮਤਾਂ, ਗੋਤਾਂ, ਭਾਖਿਆਂ ਅਤੇ ਕੌਮਾਂ ਵਿੱਚੋਂ ਕਈਕੁ ਓਹਨਾਂ ਦੀਆਂ ਲੋਥਾਂ ਨੂੰ ਸਾਢੇ ਤਿੰਨ ਦਿਨ ਵੇਖਣਗੇ ਅਤੇ ਓਹਨਾਂ ਦੀਆਂ ਲੋਥਾਂ ਕਬਰ ਵਿੱਚ ਰੱਖਣ ਨਾ ਦੇਣਗੇ।
10ਅਤੇ ਧਰਤੀ ਦੇ ਵਾਸੀ ਓਹਨਾਂ ਉੱਤੇ ਅਨੰਦ ਕਰਨਗੇ ਅਤੇ ਮਗਨ ਹੋਣਗੇ ਅਤੇ ਇੱਕ ਦੂਏ ਦੇ ਕੋਲ ਸੁਗਾਤਾਂ ਭੇਜਣਗੇ ਇਸ ਲਈ ਜੋ ਇਨ੍ਹਾਂ ਦੋਹਾਂ ਨਬੀਆਂ ਨੇ ਧਰਤੀ ਦੇ ਵਾਸੀਆਂ ਨੂੰ ਔਖਿਆਂ ਕੀਤਾ ਹੋਇਆ ਸੀ।
11ਸਾਢੇ ਤਿੰਨਾਂ ਦਿਨਾਂ ਦੇ ਪਿੱਛੋਂ ਜੀਵਨ ਦਾ ਆਤਮਾ ਪਰਮੇਸ਼ੁਰ ਦੀ ਵੱਲੋਂ ਓਹਨਾਂ ਵਿੱਚ ਆ ਗਿਆ ਅਤੇ ਓਹ ਆਪਣਿਆਂ ਪੈਰਾਂ ਉੱਤੇ ਖਲੋ ਗਏ ਅਤੇ ਜਿਨ੍ਹਾਂ ਓਹਨਾਂ ਨੂੰ ਵੇਖਿਆ ਉਨ੍ਹਾਂ ਨੂੰ ਵੱਡਾ ਡਹਿਲ ਪੈ ਗਿਆ।
12ਅਤੇ ਉਨ੍ਹਾਂ ਨੇ ਅਕਾਸ਼ੋਂ ਇੱਕ ਵੱਡੀ ਅਵਾਜ਼ ਓਹਨਾਂ ਨੂੰ ਇਹ ਆਖਦੇ ਸੁਣੀ ਭਈ ਐਧਰ ਉਤਾਹਾਂ ਨੂੰ ਆ ਜਾਓ ! ਤਾਂ ਓਹ ਬੱਦਲ ਵਿੱਚ ਅਕਾਸ਼ ਨੂੰ ਉਤਾਹਾਂ ਚੜ੍ਹ ਗਏ ਅਤੇ ਓਹਨਾਂ ਦੇ ਵੈਰੀਆਂ ਨੇ ਓਹਨਾਂ ਨੂੰ ਡਿੱਠਾ।
13ਓਸੇ ਘੜੀ ਵੱਡਾ ਭੁਚਾਲ ਆਇਆ ਅਤੇ ਨਗਰੀ ਦਾ ਦਸਵਾਂ ਹਿੱਸਾ ਢਹਿ ਗਿਆ ਅਤੇ ਓਸ ਭੁਚਾਲ ਨਾਲ ਸੱਤ ਹਜ਼ਾਰ ਆਦਮੀ ਮਾਰੇ ਗਏ ਅਤੇ ਰਹਿੰਦੇ ਡਹਿਲ ਗਏ ਅਤੇ ਸੁਰਗ ਦੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗੇ।
14ਦੂਜਾ ਅਫ਼ਸੋਸ ਬੀਤ ਗਿਆ। ਵੇਖੋ, ਤੀਜਾ ਅਫ਼ਸੋਸ ਝਬਦੇ ਆਉਂਦਾ ਹੈ !
15ਫੇਰ ਸੱਤਵੇਂ ਦੂਤ ਨੇ ਤੁਰ੍ਹੀ ਵਜਾਈ, ਤਾਂ ਸੁਰਗ ਵਿੱਚ ਵੱਡੀ ਅਵਾਜ਼ ਇਹ ਆਖਦਿਆਂ ਆਈ, — ਜਗਤ ਦਾ ਰਾਜ ���ਾਡੇ ਪ੍ਰਭੁ ਦਾ ਅਤੇ ਉਹ ਦੇ ਮਸੀਹ ਦਾ ਹੋ ਗਿਆ ਹੈ, ਅਤੇ ਉਹ ਜੁੱਗੋ ਜੁੱਗ ਰਾਜ ਕਰੇਗਾ !
16ਓਹ ਚੱਵੀ ਬਜ਼ੁਰਗ ਜਿਹੜੇ ਪਰਮੇਸ਼ੁਰ ਦੇ ਹਜ਼ੂਰ ਆਪੋ ਆਪਣੀਆਂ ਗੱਦੀਆਂ ਉੱਤੇ ਬੈਠੇ ਹੋਏ ਸਨ ਮੂੰਹ ਦੇ ਭਾਰ ਡਿੱਗ ਪਏ ਅਤੇ ਪਰਮੇਸ਼ੁਰ ਨੂੰ ਮੱਥਾ ਟੇਕ ਕੇ ਇਹ ਕਹਿਣ ਲੱਗੇ, —
17ਹੇ ਪ੍ਰਭੁ ਪਰਮੇਸ਼ੁਰ, ਸਰਬ ਸ਼ਕਤੀਮਾਨ, ਜਿਹੜਾ ਹੈ ਅਤੇ ਜਿਹੜਾ ਹੈਸੀ, ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਇਸ ਲਈ ਜੋ ਤੈਂ ਆਪਣੀ ਵੱਡੀ ਸਮਰੱਥਾ ਲੈ ਕੇ ਰਾਜ ਕੀਤਾ,
18ਕੌਮਾਂ ਕ੍ਰੋਧਵਾਨ ਹੋਈਆਂ ਤਾਂ ਤੇਰਾ ਕ੍ਰੋਧ ਆਣ ਪਿਆ, ਅਤੇ ਮੁਰਦਿਆਂ ਦਾ ਸਮਾ ਆ ਪਹੁੰਚਾ ਭਈ ਓਹਨਾਂ ਦਾ ਨਿਆਉਂ ਹੋਵੇ ਅਤੇ ਤੂੰ ਆਪਣੇ ਦਾਸਾਂ ਨੂੰ ਅਰਥਾਤ ਨਬੀਆਂ ਨੂੰ, ਸੰਤਾਂ ਨੂੰ, ਅਤੇ ਓਹਨਾਂ ਨੂੰ ਜੋ ਤੇਰੇ ਨਾਮ ਤੋਂ ਭੈ ਰੱਖਦੇ ਹਨ, ਕੀ ਛੋਟੇ ਕੀ ਵੱਡੇ ਨੂੰ ਫਲ ਦੇਵੇਂ, ਅਤੇ ਓਹਨਾਂ ਦਾ ਨਾਸ ਕਰੇਂ ਜੋ ਧਰਤੀ ਦਾ ਨਾਸ ਕਰਨ ਵਾਲੇ ਹਨ !
19ਅਤੇ ਪਰਮੇਸ਼ੁਰ ਦੀ ਹੈਕਲ ਜਿਹੜੀ ਸੁਰਗ ਵਿੱਚ ਹੈ ਖੋਲ੍ਹੀ ਗਈ ਅਤੇ ਉਹ ਦੀ ਹੈਕਲ ਵਿੱਚ ਉਹ ਦੇ ਨੇਮ ਦਾ ਸੰਦੂਕ ਦਿੱਸ ਪਿਆ ਅਤੇ ਬਿਜਲੀ ਦੀਆਂ ਲਿਸ਼ਕਾਂ ਅਤੇ ਅਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਹੋਈਆਂ ਅਤੇ ਭੁਚਾਲ ਆਇਆ ਅਤੇ ਵੱਡੇ ਵੱਡੇ ਗੜੇ ਪਏ।