Loading Bible Translation
First-time download in progress. This may take a few seconds…
Punjabi Bible Wordproject Bible
18 verses
1ਓਹਨਾਂ ਸੱਤਾਂ ਦੂਤਾਂ ਵਿੱਚੋਂ ਜਿਨ੍ਹਾਂ ਕੋਲ ਸੱਤ ਕਟੋਰੇ ਸਨ ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ ਭਈ ਉਰੇ ਆ, ਮੈਂ ਤੈਨੂੰ ਓਸ ਵੱਡੀ ਕੰਜਰੀ ਦੀ ਸਜ਼ਾ ਵਿਖਾਵਾਂ ਜਿਹੜੀ ਬਹੁਤਿਆਂ ਪਾਣੀਆਂ ਉੱਤੇ ਬੈਠੀ ਹੋਈ ਹੈ !
2ਜਿਹ ਦੇ ਨਾਲ ਧਰਤੀ ਦੇ ਰਾਜਿਆਂ ਨੇ ਹਰਾਮਕਾਰੀ ਕੀਤੀ ਅਤੇ ਧਰਤੀ ਦੇ ਵਾਸੀ ਉਹ ਦੀ ਹਰਾਮਕਾਰੀ ਦੀ ਮੈ ਨਾਲ ਮਸਤ ਹੋਏ।
3ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਉਜਾੜ ਵੱਲ ਲੈ ਗਿਆ ਅਤੇ ਮੈਂ ਇੱਕ ਤੀਵੀਂ ਨੂੰ ਕਿਰਮਚੀ ਰੰਗ ਦੇ ਇੱਕ ਦਰਿੰਦੇ ਉੱਤੇ ਜਿਹੜਾ ਕੁਫ਼ਰ ਦੇ ਨਾਵਾਂ ਨਾਲ ਭਰਿਆ ਹੋਇਆ ਸੀ ਅਤੇ ਜਿਹ ਦੇ ਸੱਤ ਸਿਰ ਅਤੇ ਦਸ ਸਿੰਙ ਸਨ ਬੈਠੇ ਵੇਖਿਆ।
4ਅਤੇ ਓਸ ਤੀਵੀਂ ਨੇ ਬੈਂਗਨੀ ਅਤੇ ਕਿਰਮਚੀ ਪੁਸ਼ਾਕ ਪਹਿਨੀ ਹੋਈ ਸੀ ਅਤੇ ਉਹ ਸੋਨੇ, ਮੋਤੀਆਂ, ਅਤੇ ਜਵਾਹਰਾਂ ਨਾਲ ਸਿੰਗਾਰੀ ਹੋਈ ਸੀ। ਉਹ ਨੇ ਇੱਕ ਪਿਆਲਾ ਸੋਨੇ ਦਾ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ ਜਿਹੜਾ ਘਿਣਾਉਣੀਆਂ ਵਸਤਾਂ ਅਤੇ ਉਹ ਦੀ ਹਰਾਮਕਾਰੀ ਦੀਆਂ ਭ੍ਰਿਸ਼ਟਤਾਈਆਂ ਨਾਲ ਭਰਿਆ ਹੋਇਆ ਸੀ।
5ਅਤੇ ਉਹ ਦੇ ਮੱਥੇ ਉੱਤੇ ਇਹ ਭੇਤ ਵਾਲਾ ਨਾਉਂ ਲਿਖਿਆ ਹੋਇਆ ਸੀ ਅਰਥਾਤ ਬਾਬੁਲ ਉਹ ਵੱਡੀ ਨਗਰੀ, ਕੰਜਰੀਆਂ ਅਤੇ ਧਰਤੀ ਦੀਆਂ ਘਿਣਾਉਣੀਆਂ ਵਸਤਾਂ ਦੀ ਮਾਂ
6ਅਤੇ ਮੈਂ ਓਸ ਤੀਵੀਂ ਨੂੰ ਸੰਤਾਂ ਦੇ ਲਹੂ ਅਤੇ ਯਿਸੂ ਦਿਆਂ ਸ਼ਹੀਦਾਂ ਦੇ ਲਹੂ ਨਾਲ ਮਸਤ ਹੋਈ ਹੋਈ ਵੇਖਿਆ, ਅਤੇ ਉਹ ਨੂੰ ਵੇਖ ਕੇ ਮੈਂ ਡਾਢਾ ਅਚਰਜ ਹੋ ਕੇ ਹੱਕਾ ਬੱਕਾ ਰਹਿ ਗਿਆ।
7ਅਤੇ ਦੂਤ ਨੇ ਮੈਨੂੰ ਆਖਿਆ ਭਈ ਤੂੰ ਹੱਕਾ ਬੱਕਾ ਕਾਹਨੂੰ ਹੋਇਆ ਹੈਂ ? ਉਹ ਤੀਵੀਂ ਅਤੇ ਉਹ ਦਰਿੰਦਾ ਜਿਸ ਉੱਤੇ ਉਹ ਸਵਾਰ ਹੈ ਜਿਹ ਦੇ ਸੱਤ ਸਿਰ ਅਤੇ ਦਸ ਸਿੰਙ ਹਨ ਮੈਂ ਓਹਨਾਂ ਦਾ ਭੇਤ ਤੈਨੂੰ ਦੱਸਾਂਗਾ।
8ਉਹ ਦਰਿੰਦਾ ਜਿਹੜਾ ਤੈਂ ਵੇਖਿਆ ਸੋ ਹੈਸੀ ਅਤੇ ਨਹੀਂ ਹੈਗਾ ਅਤੇ ਉਹ ਨੇ ਅਥਾਹ ਕੁੰਡ ਵਿੱਚੋਂ ਚੜ੍ਹ ਆਉਣਾ ਅਤੇ ਨਸ਼ਟ ਹੋ ਜਾਣਾ ਹੈ, ਅਤੇ ਧਰਤੀ ਦੇ ਵਾਸੀ ਜਿਨ੍ਹਾਂ ਦਾ ਨਾਉਂ ਜਗਤ ਦੇ ਮੁੱਢੋਂ ਜੀਵਨ ਦੀ ਪੋਥੀ ਵਿੱਚ ਨਹੀਂ ਲਿਖਿਆ ਗਿਆ ਓਸ ਦਰਿੰਦੇ ਨੂੰ ਵੇਖ ਕੇ ਭਈ ਉਹ ਹੈਸੀ ਅਤੇ ਨਹੀਂ ਹੈਗਾ ਅਤੇ ਫੇਰ ਆਉਂਦਾ ਹੈ ਅਚਰਜ ਹੋ ਜਾਣਗੇ।
9ਸਮਝਦਾਰ ਬੁੱਧ ਦਾ ਮੌਕਾ ਇੱਥੇ ਹੀ ਹੈ। ਏਹ ਸੱਤ ਸਿਰ ਸੱਤ ਟਿਲੇ ਹਨ ਜਿੱਥੇ ਤੀਵੀਂ ਓਹਨਾਂ ਉੱਤੇ ਬੈਠੀ ਹੋਈ ਹੈ।
10ਅਤੇ ਓਹ ਸੱਤ ਰਾਜੇ ਵੀ ਹਨ। ਪੰਜ ਤਾਂ ਡਿੱਗ ਪਏ, ਇੱਕ ਹੈ ਅਤੇ ਇੱਕ ਅਜੇ ਆਇਆ ਨਹੀਂ। ਜਦੋਂ ਆਵੇਗਾ ਤਾਂ ਉਹ ਨੂੰ ਥੋੜਾ ਚਿਰ ਰਹਿਣਾ ਜ਼ਰੂਰੀ ਹੈ।
11ਅਤੇ ਉਹ ਦਰਿੰਦਾ ਜਿਹੜਾ ਹੈਸੀ ਅਤੇ ਨਹੀਂ ਹੈਗਾ ਸੋ ਆਪ ਭੀ ਅੱਠਵਾਂ ਹੈ, ਨਾਲੇ ਉਨ੍ਹਾਂ ਸੱਤਾਂ ਵਿੱਚੋਂ ਹੈ ਅਤੇ ਉਹ ਨਸ਼ਟ ਹੋ ਜਾਵੇਗਾ।
12ਓਹ ਦਸ ਸਿੰਙ ਜਿਹੜੇ ਤੈਂ ਵੇਖੇ ਓਹ ਦਸ ਰਾਜੇ ਹਨ ਜਿਨ੍ਹਾਂ ਨੂੰ ਅਜੇ ਰਾਜ ਨਹੀਂ ਮਿਲਿਆ ਪਰ ਓਸ ਦਰਿੰਦੇ ਦੇ ਨਾਲ ਇੱਕ ਘੰਟੇ ਲਈ ਰਾਜਿਆਂ ਦੇ ਸਮਾਨ ਓਹਨਾਂ ਨੂੰ ਇਖ਼ਤਿਆਰ ਮਿਲਦਾ ਹੈ।
13ਇਨ੍ਹਾਂ ਦਾ ਇੱਕੋ ਮੱਤ ਹੈ ਅਤੇ ਏਹ ਆਪਣੀ ਸਮਰੱਥਾ ਅਤੇ ਇਖ਼ਤਿਆਰ ਓਸ ਦਰਿੰਦੇ ਨੂੰ ਦਿੰਦੇ ਹਨ।
14ਏਹ ਲੇਲੇ ਦੇ ਨਾਲ ਜੁੱਧ ਕਰਨਗੇ ਅਤੇ ਲੇਲਾ ਓਹਨਾਂ ਉੱਤੇ ਫ਼ਤਹ ਪਾਵੇਗਾ ਇਸ ਲਈ ਜੋ ਉਹ ਪ੍ਰਭੁਆਂ ਦਾ ਪ੍ਰਭੁ ਅਤੇ ਰਾਜਿਆਂ ਦਾ ਰਾਜਾ ਹੈ, ਅਤੇ ਉਹ ਦੇ ਨਾਲ ਓਹ ਭੀ ਜਿਹੜੇ ਸੱਦੇ ਹੋਏ, ਚੁਣੇ ਹੋਏ ਅਤੇ ਮਾਤਬਰ ਹਨ।
15ਅਤੇ ਉਹ ਨੇ ਮੈਨੂੰ ਆਖਿਆ, ਜਿਹੜੇ ਪਾਣੀ ਤੈਂ ਵੇਖੇ ਸਨ ਜਿੱਥੇ ਉਹ ਕੰਜਰੀ ਬੈਠੀ ਹੈ ਓਹ ਉੱਮਤਾਂ ਅਤੇ ਮਹਾਇਣ ਅਤੇ ਕੌਮਾਂ ਅਤੇ ਭਾਖਿਆਂ ਹਨ।
16ਅਤੇ ਜਿਹੜੇ ਦਸ ਸਿੰਙ ਤੈਂ ਵੇਖੇ ਸਨ ਨਾਲੇ ਉਹ ਦਰਿੰਦਾ, ਏਹ ਓਸ ਕੰਜਰੀ ਨਾਲ ਵੈਰ ਕਰਨਗੇ ਅਤੇ ਉਹ ਨੂੰ ਉਜਾੜ ਦੇਣਗੇ ਅਤੇ ਨੰਗਿਆਂ ਕਰਨਗੇ ਅਤੇ ਉਹ ਦਾ ਮਾਸ ਖਾ ਜਾਣਗੇ ਅਤੇ ਉਹ ਨੂੰ ਅੱਗ ਨਾਲ ਸਾੜ ਸੁੱਟਣਗੇ।
17ਕਿਉਂ ਜੋ ਪਰਮੇਸ਼ੁਰ ਨੇ ਓਹਨਾਂ ਦੇ ਦਿਲ ਵਿੱਚ ਇਹ ਪਾਇਆ ਭਈ ਓਸ ਦੀ ਮਨਸ਼ਾ ਪੂਰੀ ਕਰਨ ਅਤੇ ਇੱਕੋ ਮੱਤ ਦੇ ਹੋਣ ਅਤੇ ਆਪਣਾ ਰਾਜ ਓਸ ਦਰਿੰਦੇ ਨੂੰ ਦੇਣ ਜਿੰਨਾ ਚਿਰ ਪਰਮੇਸ਼ੁਰ ਦੇ ਬਚਨ ਪੂਰੇ ਨਾ ਹੋ ਲੈਣ।
18ਅਤੇ ਉਹ ਤੀਵੀਂ ਜੋ ਤੈਂ ਵੇਖੀ ਸੀ ਉਹ ਵੱਡੀ ਨਗਰੀ ਹੈ ਜਿਹੜੀ ਧਰਤੀ ਦਿਆਂ ਰਾਜਿਆਂ ਉੱਤੇ ਰਾਜ ਕਰਦੀ ਹੈ।