Loading Bible Translation
First-time download in progress. This may take a few seconds…
Punjabi Bible Wordproject Bible
24 verses
1ਇਹ ਦੇ ਮਗਰੋਂ ਮੈਂ ਇੱਕ ਹੋਰ ਦੂਤ ਨੂੰ ਅਕਾਸ਼ੋਂ ਉਤਰਦਾ ਡਿੱਠਾ ਜਿਹ ਦਾ ਵੱਡਾ ਇਖ਼ਤਿਆਰ ਸੀ ਅਤੇ ਉਹ ਦੇ ਤੇਜ ਨਾਲ ਧਰਤੀ ਚਾਨਣੀ ਹੋ ਗਈ।
2ਅਤੇ ਉਹ ਨੇ ਡਾਢੀ ਉੱਚੀ ਹਾਕ ਮਾਰ ਕੇ ਆਖਿਆ, — ਢਹਿ ਪਈ ਬਾਬੁਲ, ਵੱਡੀ ਨਗਰੀ ਢਹਿ ਪਈ ! ਉਹ ਭੂਤਾਂ ਦਾ ਟਿਕਾਣਾ ਹੋ ਗਿਆ, ਨਾਲੇ ਹਰ ਭ੍ਰਿਸ਼ਟ ਆਤਮਾ ਦਾ ਅੱਡਾ, ਹਰ ਭ੍ਰਿਸ਼ਟ ਅਰ ਘਿਣਾਉਣੇ ਪੰਛੀ ਦਾ ਅੱਡਾ।
3ਕਿਉਂ ਜੋ ਉਹ ਦੀ ਹਰਾਮਕਾਰੀ ਦੇ ਕ੍ਰੋਧ ਦੀ ਮੈ ਤੋਂ ਸਾਰੀਆਂ ਕੌਮਾਂ ਨੇ ਪੀਤਾ, ਅਤੇ ਧਰਤੀ ਦੇ ਰਾਜਿਆਂ ਨੇ ਉਹ ਦੇ ਨਾਲ ਹਰਾਮਕਾਰੀ ਕੀਤੀ, ਅਤੇ ਧਰਤੀ ਦੇ ਬੁਪਾਰੀ ਉਹ ਦੇ ਤਰਾਤਰੀ ਭੋਗ ਬਿਲਾਸ ਦੇ ਕਾਰਨ ਧਨੀ ਹੋ ਗਏ।
4ਮੈਂ ਇੱਕ ਹੋਰ ਅਵਾਜ਼ ਅਕਾਸ਼ੋਂ ਇਹ ਆਖਦੇ ਸੁਣੀ, — ਹੇ ਮੇਰੀ ਪਰਜਾ, ਉਹ ਦੇ ਵਿੱਚੋਂ ਨਿੱਕਲ ਆਓ ! ਮਤੇ ਤੁਸੀਂ ਉਹ ਦਿਆਂ ਪਾਪਾਂ ਦੇ ਭਾਗੀ ਬਣੋ, ਮਤੇ ਤੁਸੀਂ ਉਹ ਦੀਆਂ ਬਵਾਂ ਵਿੱਚ ਸਾਂਝੀ ਹੋਵੋ !
5ਉਹ ਦੇ ਪਾਪ ਤਾਂ ਅਕਾਸ਼ ਨੂੰ ਅੱਪੜ ਪਏ ਹਨ, ਅਤੇ ਪਰਮੇਸ਼ੁਰ ਨੇ ਉਹ ਦੇ ਕੁਧਰਮ ਚੇਤੇ ਕੀਤੇ ਹਨ।
6ਜਿਵੇਂ ਉਹ ਨੇ ਵਰਤਿਆ ਤਿਵੇਂ ਤੁਸੀਂ ਉਹ ਦੇ ਨਾਲ ਵੀ ਵਰਤੋ, ਸਗੋਂ ਉਹ ਦੇ ਕੰਮਾਂ ਦੇ ਅਨੁਸਾਰ ਉਹ ਨੂੰ ਦੂਣਾ ਬਦਲਾ ਦਿਓ, — ਜਿਹੜਾ ਪਿਆਲਾ ਉਹ ਨੇ ਭਰਿਆ, ਤੁਸੀਂ ਉਸ ਵਿੱਚ ਉਹ ਦੇ ਲਈ ਦੂਣਾ ਭਰੋ।
7ਜਿੰਨੀ ਉਹ ਨੇ ਆਪਣੀ ਵਡਿਆਈ ਕੀਤੀ, ਅਤੇ ਭੋਗ ਬਿਲਾਸ ਕੀਤਾ, ਉੱਨਾ ਹੀ ਉਹ ਨੂੰ ਕਸ਼ਟ ਅਤੇ ਸੋਗ ਪੁਚਾਓ, ਕਿਉਂ ਜੋ ਉਹ ਆਪਣੇ ਜੀ ਵਿੱਚ ਇਹ ਆਖਦੀ ਹੈ, ਮੈਂ ਰਾਣੀ ਹੋ ਬੈਠੀ ਹਾਂ, ਮੈਂ ਵਿਧਵਾ ਨਹੀਂ, ਨਾ ਕਦੇ ਸੋਗ ਵੇਖਾਂਗੀ !
8ਇਸ ਕਰਕੇ ਉਹ ਦੀਆਂ ਬਵਾਂ ਇੱਕੋ ਦਿਨ ਵਿੱਚ ਆ ਪੈਣਗੀਆਂ, ਮੌਤ ਅਤੇ ਸੋਗ ਅਤੇ ਕਾਲ, ਅਤੇ ਉਹ ਅੱਗ ਨਾਲ ਭਸਮ ਕੀਤੀ ਜਾਵੇਗੀ, ਕਿਉਂ ਜੋ ਬਲਵੰਤ ਹੈ ਪ੍ਰਭੁ ਪਰਮੇਸ਼ੁਰ ਜੋ ਉਹ ਦਾ ਨਿਆਉਂ ਕਰਦਾ !
9ਧਰਤੀ ਦੇ ਰਾਜੇ ਜਿਨ੍ਹਾਂ ਉਹ ਦੇ ਨਾਲ ਹਰਾਮਕਾਰੀ ਅਤੇ ਭੋਗ ਬਿਲਾਸ ਕੀਤਾ ਜਿਸ ਵੇਲੇ ਉਹ ਦੇ ਸੜਨ ਦਾ ਧੂੰਆਂ ਵੇਖਣਗੇ ਤਾਂ ਉਹ ਦੇ ਉੱਤੇ ਰੋਣਗੇ ਅਤੇ ਪਿੱਟਣਗੇ।
10ਅਤੇ ਉਹ ਦੇ ਕਸ਼ਟ ਤੋਂ ਡਰ ਦੇ ਮਾਰੇ ਓਹ ਦੂਰ ਖਲੋ ਕੇ ਆਖਣਗੇ,— ਹਾਇ, ਹਾਇ ! ਹੇ ਵੱਡੀ ਨਗਰੀ, ਮਜ਼ਬੂਤ ਨਗਰੀ ਬਾਬੁਲ ! ਇੱਕੋ ਘੰਟੇ ਵਿੱਚ ਤੇਰਾ ਨਿਬੇੜਾ ਹੋ ਗਿਆ !
11ਧਰਤੀ ਦੇ ਬੁਪਾਰੀ ਉਹ ਨੂੰ ਰੋਂਦੇ ਅਤੇ ਕੁਰਲਾਉਂਦੇ ਹਨ ਕਿਉਂ ਜੋ ਹੁਣ ਉਨ੍ਹਾਂ ਦਾ ਮਾਲ ਕੋਈ ਨਹੀਂ ਲੈਂਦਾ।
12ਅਰਥਾਤ ਮਾਲ ਸੋਨੇ ਦਾ ਅਤੇ ਚਾਂਦੀ, ਜਵਾਹਰ, ਮੋਤੀਆਂ, ਅਤੇ ਕਤਾਨ ਦਾ ਅਤੇ ਬੈਂਗਨੀ, ਰੇਸ਼ਮੀ ਅਤੇ ਕਿਰਮਚੀ ਕੱਪੜੇ ਦਾ ਅਤੇ ਹਰ ਪਰਕਾਰ ਦੀ ਸੁਗੰਧ ਵਾਲੀ ਲੱਕੜੀ ਅਤੇ ਹਾਥੀ ਦੰਦ ਦੀ ਹਰੇਕ ਵਸਤ ਅਤੇ ਭਾਰੇ ਮੁੱਲ ਦੇ ਕਾਠ, ਪਿੱਤਲ, ਲੋਹੇ ਅਤੇ ਸੰਖ ਮਰਮਰ ਦੀ ਹਰੇਕ ਵਸਤ।
13ਅਤੇ ਦਾਲਚੀਨੀ, ਮਸਾਲੇ, ਧੂਪ, ਮੁਰ, ਲੁਬਾਣ, ਮੈ, ਤੇਲ, ਮੈਦਾ, ਕਣਕ, ਡੰਗਰ, ਭੇਡਾਂ, ਘੋੜੇ ਅਤੇ ਰੱਥ, ਗੁਲਾਮ ਅਤੇ ਮਨੁੱਖਾਂ ਦੀਆਂ ਜਾਨਾਂ।
14ਤੇਰੇ ਮਨ ਭਾਉਂਦੇ ਫਲ ਤੈਥੋਂ ਦੂਰ ਹੋ ਗਏ, ਸਾਰੀਆਂ ਥੰਧੀਆਂ ਅਤੇ ਭੜਕੀਲੀਆਂ ਵਸਤਾਂ ਤੈਥੋਂ ਜਾਂਦੀਆਂ ਰਹੀਆਂ, ਅਤੇ ਹੁਣ ਕਦੇ ਨਾ ਲੱਭਣਗੀਆਂ !
15ਇਨ੍ਹਾਂ ਵਸਤਾਂ ਦੇ ਬੁਪਾਰੀ ਜਿਹੜੇ ਉਹ ਦੇ ਰਾਹੀਂ ਧਨਵਾਨ ਹੋਏ ਸਨ ਉਹ ਦੇ ਦੁਖ ਤੋਂ ਡਰ ਦੇ ਮਾਰੇ ਦੂਰ ਖਲੋ ਜਾਣਗੇ ਅਤੇ ਰੋਂਦਿਆਂ ਕੁਰਲਾਉਂਦਿਆਂ ਆਖਣਗੇ,—
16ਹਾਇ ਹਾਈ ਇਸ ਵੱਡੀ ਨ��ਰੀ ਨੂੰ ! ਜਿਹੜੀ ਕਤਾਨ, ਬੈਂਗਨੀ ਅਤੇ ਕਿਰਮਚੀ ਬਸਤਰ ਪਹਿਨੇ ਸੀ, ਅਤੇ ਸੋਨੇ, ਜਵਾਹਰਾਂ ਅਤੇ ਮੋਤੀਆਂ ਦੇ ਨਾਲ ਸਿੰਗਾਰੀ ਹੋਈ ਸੀ,
17ਕਿਉਂ ਜੋ ਐੱਨਾ ਸਾਰਾ ਧਨ ਇੱਕੋ ਘੰਟੇ ਵਿੱਚ ਬਰਬਾਦ ਹੋ ਗਿਆ ਹੈ ! ਹਰੇਕ ਮਲਾਹਾਂ ਦਾ ਸਿਰਕਰਦਾ ਅਤੇ ਹਰ ਕੋਈ ਜਿਹੜਾ ਜਹਾਜ਼ਾਂ ਵਿੱਚ ਕਿਧਰੇ ਕਿਧਰੇ ਫਿਰਦਾ ਹੈ ਅਤੇ ਮਲਾਹ ਅਤੇ ਸਮੁੰਦਰ ਉੱਤੇ ਜਿੰਨੇ ਰੋਜੀ ਕਮਾਉਂਦੇ ਹਨ ਸੱਭੇ ਦੂਰ ਖਲੋਤੇ।
18ਅਤੇ ਉਹ ਦੇ ਸੜਨ ਦਾ ਧੂੰਆਂ ਵੇਖ ਕੇ ਚੀਕਾਂ ਮਾਰ ਉੱਠੇ ਅਤੇ ਬੋਲੇ ਭਈ ਕਿਹੜਾ ਇਸ ਵੱਡੀ ਨਗਰੀ ਦੇ ਤੁੱਲ ਹੈ ?
19ਅਤੇ ਓਹਨਾਂ ਆਪਣਿਆਂ ਸਿਰਾਂ ਵਿੱਚ ਖੇਹ ਪਾਈ ਅਤੇ ਰੋਂਦਿਆਂ ਕੁਰਲਾਉਂਦਿਆਂ ਚੀਕਾਂ ਮਾਰ ਮਾਰ ਕੇ ਆਖਿਆ, — ਹਾਇ ਹਾਇ ਇਸ ਵੱਡੀ ਨਗਰੀ ਨੂੰ ! ਜਿੱਥੇ ਸਾਰੇ ਸਮੁੰਦਰੀ ਜ਼ਹਾਜ਼ ਵਾਲੇ ਉਹ ਦੇ ਧਨ ਦੇ ਰਾਹੀਂ ਧਨੀ ਹੋ ਗਏ ! ਉਹ ਤਾਂ ਇੱਕ ਘੰਟੇ ਵਿੱਚ ਬਰਬਾਦ ਹੋ ਗਈ !
20ਹੇ ਸੁਰਗ ਅਤੇ ਹੇ ਸੰਤੋ, ਰਸੂਲੋ ਅਤੇ ਨਬੀਓ, ਉਹ ਦੇ ਉੱਤੇ ਖੁਸ਼ੀ ਕਰੋ, ਕਿਉਂ ਜੋ ਪਰਮੇਸ਼ੁਰ ਨੇ ਨਿਆਉਂ ਕਰ ਕੇ ਤੁਹਾਡਾ ਬਦਲਾ ਉਸ ਤੋਂ ਲਿਆ !
21ਤਾਂ ਇੱਕ ਬਲੀ ਦੂਤ ਨੇ ਇੱਕ ਪੱਥਰ ਵੱਡੇ ਖਰਾਸ ਦੇ ਪੁੜ ਜਿਹਾ ਚੁੱਕ ਕੇ ਸਮੁੰਦਰ ਵਿੱਚ ਸੁੱਟਿਆ ਅਤੇ ਆਖਿਆ, ਇਸੇ ਤਰਾਂ ਉਹ ਵੱਡੀ ਨਗਰੀ ਬਾਬੁਲ ਜ਼ੋਰ ਨਾਲ ਡੇਗੀ ਜਾਵੇਗੀ, ਅਤੇ ਫੇਰ ਕਦੇ ਉਹ ਦਾ ਪਤਾ ਨਾ ਲੱਗੇਗਾ !
22ਰਬਾਬੀਆਂ ਦੀ ਅਵਾਜ਼, ਨਾਲੇ ਗਵੱਯਾਂ ਦੀ, ਵੰਜਲੀ ਵਜਾਉਣ ਵਾਲਿਆਂ ਦੀ ਅਤੇ ਤੁਰ੍ਹੀ ਫੂਕਣ ਵਾਲਿਆਂ ਦੀ, ਤੇਰੇ ਵਿੱਚ ਫੇਰ ਕਦੇ ਨਾ ਸੁਣੀ ਜਾਵੇਗੀ। ਕਿਸੇ ਪੇਸ਼ੇ ਦਾ ਕੋਈ ਕਾਰੀਗਰ ਤੇਰੇ ਵਿੱਚ ਫੇਰ ਕਦੇ ਨਾ ਲੱਭੇਗਾ। ਚੱਕੀ ਦੀ ਅਵਾਜ਼ ਤੇਰੇ ਵਿੱਚ ਫੇਰ ਕਦੇ ਨਾ ਸੁਣੀ ਜਾਵੇਗੀ,
23ਅਤੇ ਦੀਵੇ ਦੀ ਲੋ ਤੇਰੇ ਵਿੱਚ ਫੇਰ ਕਦੀ ਨਾ ਚਮਕੇਗੀ, ਲਾੜੀ ਅਤੇ ਲਾੜੇ ਦੀ ਅਵਾਜ਼ ਤੇਰੇ ਵਿੱਚ ਫੇਰ ਕਦੇ ਨਾ ਸੁਣੀ ਜਾਵੇਗੀ। ਤੇਰੇ ਬੁਪਾਰੀ ਤਾਂ ਧਰਤੀ ਦੇ ਮਹਾਂ ਪੁਰਖ ਸਨ, ਅਤੇ ਸਾਰੀਆਂ ਕੌਮਾਂ ਤੇਰੀ ਜਾਦੂਗਰੀ ਨਾਲ ਭਰਮਾਈਆਂ ਗਈਆਂ,
24ਨਾਲੇ ਨਬੀਆਂ, ਸੰਤਾਂ ਅਤੇ ਓਹਨਾਂ ਸਭਨਾਂ ਦਾ ਲਹੂ ਜਿਹੜੇ ਧਰਤੀ ਉੱਤੇ ਕੋਹੇ ਗਏ ਸਨ, ਉਹ ਦੇ ਵਿੱਚ ਪਾਇਆ ਗਿਆ !