Loading Bible Translation
First-time download in progress. This may take a few seconds…
Punjabi Bible Wordproject Bible
15 verses
1ਮੈਂ ਇੱਕ ਦੂਤ ਨੂੰ ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ ਆਪਣੇ ਹੱਥ ਵਿੱਚ ਲਈ ਅਕਾਸ਼ੋਂ ਉਤਰਦੇ ਵੇਖਿਆ।
2ਅਤੇ ਉਹ ਨੇ ਅਜਗਰ ਨੂੰ ਅਰਥਾਤ ਓਸ ਪੁਰਾਣੇ ਸੱਪ ਨੂੰ ਜਿਹੜਾ ਇਬਲੀਸ ਅਤੇ ਸ਼ਤਾਨ ਹੈ ਫੜਿਆ ਅਤੇ ਹਜ਼ਾਰ ਵਰ੍ਹੇ ਤੀਕ ਉਹ ਨੂੰ ਜਕੜ ਰੱਖਿਆ।
3ਅਤੇ ਉਹ ਨੂੰ ਅਥਾਹ ਕੁੰਡ ਵਿੱਚ ਸੁੱਟ ਦਿੱਤਾ ਅਤੇ ਇਹ ਨੂੰ ਮੁੰਦ ਕੇ ਉਹ ਦੇ ਉੱਤੇ ਮੋਹਰ ਲਾਈ ਭਈ ਉਹ ਕੌਮਾਂ ਨੂੰ ਫੇਰ ਨਾ ਭਰਮਾਵੇ ਜਿੰਨਾ ਚਿਰ ਹਜ਼ਾਰ ਵਰ੍ਹਾ ਪੂਰਾ ਨਾ ਹੋ ਲਵੇ। ਇਹ ਦੇ ਮਗਰੋਂ ਜ਼ਰੂਰ ਹੈ ਭਈ ਉਹ ਥੋੜੇ ਚਿਰ ਲਈ ਛੱਡਿਆ ਜਾਵੇ।
4ਮੈਂ ਗੱਦੀਆਂ ਵੇਖੀਆਂ ਅਤੇ ਓਹ ਉਨ੍ਹਾਂ ਉੱਤੇ ਬੈਠੇ ਹੋਏ ਸਨ ਅਤੇ ਨਿਆਉਂ ਕਰਨ ਦਾ ਓਹਨਾਂ ਨੂੰ ਇਖ਼ਤਿਆਰ ਦਿੱਤਾ ਗਿਆ ਅਤੇ ਮੈਂ ਓਹਨਾਂ ਦੇ ਜੀਵਾਂ ਨੂੰ ਵੇਖਿਆ ਜਿਨ੍ਹਾਂ ਦੇ ਸਿਰ ਯਿਸੂ ਦੀ ਗਵਾਹੀ ਦੇ ਕਾਰਨ ਅਤੇ ਪਰਮੇਸ਼ੁਰ ਦੇ ਬਚਨ ਦੇ ਕਾਰਨ ਵੱਢੇ ਗਏ ਸਨ ਜਿਨ੍ਹਾਂ ਓਸ ਦਰਿੰਦੇ ਦੀ ਯਾ ਉਹ ਦੀ ਮੂਰਤੀ ਦੀ ਪੂਜਾ ਨਹੀਂ ਕੀਤੀ ਸੀ ਅਤੇ ਉਹ ਦਾਗ ਆਪਣੇ ਮੱਥੇ ਅਤੇ ਆਪਣੇ ਹੱਥ ਉੱਤੇ ਨਹੀਂ ਲੁਆਇਆ ਸੀ। ਓਹ ਜੀ ਉੱਠੇ ਅਤੇ ਹਜ਼ਾਰ ਵਰ੍ਹੇ ਮਸੀਹ ਦੇ ਨਾਲ ਰਾਜ ਕਰਦੇ ਰਹੇ।
5ਬਾਕੀ ਦੇ ਮੁਰਦੇ ਹਜ਼ਾਰ ਵਰ੍ਹੇ ਦੇ ਪੂਰੇ ਹੋਣ ਤੀਕ ਜੀ ਨਾ ਉੱਠੇ। ਇਹ ਪਹਿਲੀ ਕਿਆਮਤ ਹੈ।
6ਧੰਨ ਅਤੇ ਪਵਿੱਤਰ ਉਹ ਜਿਹੜਾ ਪਹਿਲੀ ਕਿਆਮਤ ਵਿੱਚ ਸ਼ਾਮਿਲ ਹੈ ! ਏਹਨਾਂ ਉੱਤੇ ਦੂਈ ਮੌਤ ਦਾ ਕੁਝ ਵੱਸ ਨਹੀਂ ਸਗੋਂ ਓਹ ਪਰਮੇਸ਼ੁਰ ਅਤੇ ਮਸੀਹ ਦੇ ਜਾਜਕ ਹੋਣਗੇ ਅਤੇ ਉਹ ਦੇ ਨਾਲ ਹਜ਼ਾਰ ਵਰ੍ਹੇ ਰਾਜ ਕਰਨਗੇ।
7ਜਦ ਉਹ ਹਜ਼ਾਰ ਵਰ੍ਹਾ ਪੂਰਾ ਹੋ ਗਿਆ ਤਾਂ ਸ਼ਤਾਨ ਆਪਣੀ ਕੈਦ ਤੋਂ ਛੱਡਿਆ ਜਾਵੇਗਾ।
8ਅਤੇ ਓਹਨਾਂ ਕੌਮਾਂ ਨੂੰ ਜਿਹੜੀਆਂ ਧਰਤੀ ਦੀਆਂ ਚੌਹਾਂ ਕੂੰਟਾਂ ਵਿੱਚ ਹਨ ਅਰਥਾਤ ਗੋਗ ਅਤੇ ਮਗੋਗ ਨੂੰ ਭਰਮਾਉਣ ਲਈ ਨਿੱਕਲੇਗਾ ਭਈ ਓਹਨਾਂ ਨੂੰ ਜੁੱਧ ਲਈ ਇਕੱਠਿਆਂ ਕਰੇ। ਓਹਨਾਂ ਦੀ ਗਿਣਤੀ ਸਮੁੰਦਰ ਦੀ ਰੇਤ ਜਿੰਨੀ ਹੈ।
9ਓਹ ਸਾਰੀ ਧਰਤੀ ਉੱਤੇ ਚੜ੍ਹ ਪਏ ਅਤੇ ਸੰਤਾਂ ਦੇ ਡੇਰੇ ਅਤੇ ਪਿਆਰੀ ਨਗਰੀ ਨੂੰ ਘੇਰਾ ਪਾ ਲਿਆ ਅਤੇ ਅਕਾਸ਼ ਉੱਤੋਂ ਅੱਗ ਉਤਰੀ ਅਤੇ ਓਹਨਾਂ ਨੂੰ ਚੱਟ ਕਰ ਗਈ !
10ਅਤੇ ਸ਼ਤਾਨ ਜਿਹ ਨੇ ਓਹਨਾਂ ਨੂੰ ਭਰਮਾਇਆ ਸੀ ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟਿਆ ਗਿਆ ਜਿੱਥੇ ਉਹ ਦਰਿੰਦਾ ਅਤੇ ਝੂਠਾ ਨਬੀ ਹੈ ਅਤੇ ਰਾਤ ਦਿਨ ਓਹ ਜੁੱਗੋ ਜੁੱਗ ਕਸ਼ਟ ਭੋਗਣਗੇ।
11ਫੇਰ ਮੈਂ ਇੱਕ ਵੱਡਾ ਅਤੇ ਚਿੱਟਾ ਸਿੰਘਾਸਣ ਅਤੇ ਉਹ ਨੂੰ ਜਿਹੜਾ ਓਸ ਉੱਤੇ ਬਿਰਾਜਮਾਨ ਸੀ ਵੇਖਿਆ ਜਿਹ ਦੇ ਸਾਹਮਣਿਓਂ ਧਰਤੀ ਅਤੇ ਅਕਾਸ਼ ਨੱਸ ਗਏ ਅਤੇ ਓਹਨਾਂ ਦੇ ਲਈ ਕੋਈ ਥਾਂ ਨਾ ਮਿਲਿਆ।
12ਅਤੇ ਮੈਂ ਮੁਰਦਿਆਂ ਨੂੰ ਕੀ ਵੱਡੇ ਕੀ ਛੋਟੇ ਸਿੰਘਾਸਣ ਦੇ ਅੱਗੇ ਖਲੋਤਿਆਂ ਵੇਖਿਆ, ਅਤੇ ਪੋਥੀਆਂ ਖੋਲ੍ਹੀਆਂ ਗਈਆਂ ਅਤੇ ਇੱਕ ਹੋਰ ਪੋਥੀ ਜਿਹੜੀ ਜੀਵਨ ਦੀ ਪੋਥੀ ਹੈ ਖੋਲ੍ਹੀ ਗਈ ਅਤੇ ਮੁਰਦਿਆਂ ਦਾ ਨਿਆਉਂ ਪੋਥੀਆਂ ਵਿੱਚ ਲਿਖੀਆਂ ਹੋਇਆਂ ਗੱਲਾਂ ਤੋਂ ਉਨ੍ਹਾਂ ਦੀਆਂ ਕਰਨੀਆਂ ਦੇ ਅਨੁਸਾਰ ਕੀਤਾ ਗਿਆ।
13ਅਤੇ ਸਮੁੰਦਰ ਨੇ ਓਹ ਮੁਰਦੇ ਜਿਹੜੇ ਉਹ ਦੇ ਵਿੱਚ ਸਨ ਮੋੜ ਦਿੱਤੇ ਅਤੇ ਕਾਲ ਅਤੇ ਪਤਾਲ ਨੇ ਓਹ ਮੁਰਦੇ ਜਿਹੜੇ ਓਹਨਾਂ ਵਿੱਚ ਸਨ ਮੋੜ ਦਿੱਤੇ, ਅਤੇ ਹਰੇਕ ਦਾ ਨਿਆਉਂ ਉਹ ਦੀਆਂ ਕਰਨੀ ਆਂ ਦੇ ਅਨੁਸਾਰ ਕੀਤਾ ਗਿਆ।
14ਤਾਂ ਕਾਲ ਅਤੇ ਪਤਾਲ ਅੱਗ ਦੀ ਝੀਲ ਵਿੱਚ ਸੁੱਟੇ ਗਏ। ਇਹ ਦੂਈ ਮੌਤ ਹੈ ਅਰਥਾਤ ਅੱਗ ਦੀ ਝੀਲ।
15ਅਤੇ ਜੇ ਕੋਈ ਜੀਵਨ ਦੀ ਪੋਥੀ ਵਿੱਚ ਲਿਖਿਆ ਹੋਇਆ ਨਾ ਲੱਭਾ ਤਾਂ ਉਹ ਅੱਗ ਦੀ ਝੀਲ ਵਿੱਚ ਸੁੱਟਿਆ ਗਿਆ।