Loading Bible Translation
First-time download in progress. This may take a few seconds…
Punjabi Bible Wordproject Bible
27 verses
1ਤਾਂ ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਵੇਖੀ ਕਿਉਂ ਜੋ ਪਹਿਲਾ ਅਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਹੈ ਅਤੇ ਹੁਣ ਅਗਾਹਾਂ ਨੂੰ ਸਮੁੰਦਰ ਹੈ ਨਹੀਂ।
2ਅਤੇ ਮੈਂ ਪਵਿੱਤਰ ਨਗਰੀ ਨਵੀਂ ਯਰੂਸ਼ਲਮ ਨੂੰ ਇਉਂ ਤਿਆਰ ਕੀਤੀ ਹੋਈ ਮਾਨੋ ਲਾੜੀ ਆਪਣੇ ਲਾੜੇ ਲਈ ਸਿੰਗਾਰੀ ਹੋਈ ਹੈ ਪਰਮੇਸ਼ੁਰ ਦੇ ਕੋਲੋਂ ਅਕਾਸ਼ੋਂ ਉਤਰਦੀ ਨੂੰ ਵੇਖਿਆ।
3ਅਤੇ ਮੈਂ ਸਿੰਘਾਸਣ ਤੋਂ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ ਭਈ ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ।
4ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।
5ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਬੋਲਿਆ, ਵੇਖ, ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ, ਅਤੇ ਓਨ ਆਖਿਆ, ਲਿਖ, ਕਿਉਂ ਜੋ ਇਹ ਬਚਨ ਨਿਹਚਾ ਜੋਗ ਅਤੇ ਸਤ ਹਨ।
6ਅਤੇ ਓਨ ਮੈਨੂੰ ਆਖਿਆ, ਹੋ ਗਿਆ ਹੈ ! ਮੈਂ ਅਲਫਾ ਅਤੇ ਓਮੇਗਾ, ਆਦ ਅਤੇ ਅੰਤ ਹਾਂ। ਜਿਹੜਾ ਤਿਹਾਇਆ ਹੈ ਮੈਂ ਉਹ ਨੂੰ ਅੰਮ੍ਰਿਤ ਜਲ ਦੇ ਸੋਤੇ ਵਿੱਚੋਂ ਮੁਖਤ ਪਿਆਵਾਂਗਾ।
7ਜਿਹੜਾ ਜਿੱਤਣ ਵਾਲਾ ਹੈ ਉਹ ਇਨ੍ਹਾਂ ਪਦਾਰਥਾਂ ਦਾ ਅਧਕਾਰੀ ਹੋਵੇਗਾ ਅਤੇ ਮੈਂ ਉਹ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰਾ ਪੁੱਤ੍ਰ ਹੋਵੇਗਾ।
8ਪਰ ਡਰਾਕਲਾਂ, ਬੇ ਪਰਤੀਤਿਆਂ, ਘਿਣਾਉਣਿਆਂ, ਖੂਨੀਆਂ, ਹਰਾਮਕਾਰਾਂ, ਜਾਦੂਗਰਾਂ, ਮੂਰਤੀ ਪੂਜਕਾਂ ਅਤੇ ਸਾਰਿਆਂ ਝੂਠਿਆਂ ਦਾ ਹਿੱਸਾ ਓਸ ਝੀਲ ਵਿੱਚ ਹੋਵੇਗਾ ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ ! ਇਹ ਦੂਈ ਮੌਤ ਹੈ।
9ਜਿਨ੍ਹਾਂ ਸੱਤਾਂ ਦੂਤਾਂ ਕੋਲ ਓਹ ਸੱਤ ਕਟੋਰੇ ਸਨ ਅਤੇ ਜਿਹੜੇ ਛੇਕੜਲੀਆਂ ਸੱਤ ਬਵਾਂ ਨੂੰ ਲਏ ਹੋਏ ਸਨ ਓਹਨਾਂ ਵਿੱਚੋਂ ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ ਭਈ ਉਰੇ ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ।
10ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਓਸ ਨੇ ਉਹ ਪਵਿੱਤ੍ਰ ਨਗਰੀ ਯਰੂਸ਼ਲਮ ਪਰਮੇਸ਼ੁਰ ਕੋਲੋਂ ਆਕਾਸ਼ੋਂ ਉਤਰਦੀ ਮੈਨੂੰ ਵਿਖਾਈ ਜਿਹਦੇ ਵਿੱਚ ਪਰਮੇਸ਼ੁਰ ਦਾ ਤੇਜ ਸੀ।
11ਉਹ ਦੀ ਜੋਤ ਅੱਤ ਭਾਰੇ ਮੁੱਲ ਦੇ ਜਵਾਹਰ ਵਰਗੀ ਸੀ ਅਰਥਾਤ ਪੁਖਰਾਜ ਪੱਥਰ ਜਿਹੀ ਜੋ ਬਲੌਰ ਦੀ ਨਿਆਈਂ ਨਿਰਮਲ ਹੋਵੇ।
12ਅਤੇ ਉਹ ਦੀ ਵੱਡੀ ਅਤੇ ਉੱਚੀ ਸਫ਼ੀਲ ਹੈ ਅਤੇ ਉਹ ਦੇ ਬਾਰਾਂ ਦਰਵੱਜੇ ਹਨ ਅਤੇ ਓਹਨਾਂ ਦਰਵੱਜਿਆਂ ਉੱਤੇ ਬਾਰਾਂ ਦੂਤ। ਅਤੇ ਓਹਨਾਂ ਉੱਤੇ ਨਾਉਂ ਲਿਖੇ ਹੋਏ ਸਨ ਜਿਹੜੇ ਇਸਰਾਏਲ ਦੇ ਵੰਸ ਦਿਆਂ ਗੋਤਾਂ ਦੇ ਨਾਉਂ ਹਨ।
13ਚੜ੍ਹਦੀ ਵੱਲੇ ਤਿੰਨ ਦਰਵੱਜੇ ਅਤੇ ਉੱਤਰ ਵੱਲ ਤਿੰਨ ਦਰਵੱਜੇ ਅਤੇ ਦੱਖਣ ਵੱਲ ਤਿੰਨ ਦਰਵੱਜੇ ਅਤੇ ਲਹਿੰਦੀ ਵੱਲ ਤਿੰਨ ਦਰਵੱਜੇ ਹਨ।
14ਅਤੇ ਓਸ ਨਗਰੀ ਦੀ ਸਫੀਲ ਦੀਆਂ ਬਾਰਾਂ ਨੀਹਾਂ ਹਨ ਅਤੇ ਓਹਨਾਂ ਉੱਤੇ ਲੇਲੇ ਦੇ ਬਾਰਾਂ ਰਸੂਲਾਂ ਦੇ ਨਾਉਂ ਹਨ।
15ਮੇਰੇ ਨਾਲ ਜਿਹੜਾ ਗੱਲ ਕਰਦਾ ਸੀ ਉਹ ਦੇ ਕੋਲ ਇੱਕ ਨਾਪ ਅਰਥਾਤ ਇੱਕ ਸੋਨੇ ਦਾ ਕਾਨਾ ਸੀ ਭਈ ਉਸ ਨਗਰੀ ਦੀ ਅਤੇ ਉਹ ਦਿਆਂ ਦਰਵੱਜਿਆਂ ਦੀ ਅਤ�� ਉਹ ਦੀ ਸਫ਼ੀਲ ਦੀ ਮਿਣਤੀ ਕਰੇ।
16ਅਤੇ ਉਹ ਨਗਰੀ ਚੌਰਸ ਬਣੀ ਹੋਈ ਹੈ ਅਤੇ ਜਿੱਨੀ ਉਹ ਦੀ ਚੁੜਾਈ ਹੈ ਉੱਨੀ ਹੀ ਉਹ ਦੀ ਲੰਬਾਈ ਹੈ। ਅਤੇ ਓਸ ਨੇ ਨਗਰੀ ਨੂੰ ਕਾਨੇ ਨਾਲ ਮਿਣਿਆ ਅਤੇ ਗਿਆਰਾਂ ਸੌ ਕੋਹ ਨਿੱਕਲੀ ਉਹ ਦੀ ਲੰਬਾਈ ਅਤੇ ਚੁੜਾਈ ਅਤੇ ਉਚਾਈ ਇੱਕੋ ਜਿਹੀ ਹੈ।
17ਅਤੇ ਓਸ ਨੇ ਉਹ ਦੀ ਸਫ਼ੀਲ ਨੂੰ ਮਨੁੱਖ ਦੇ ਅਰਥਾਤ ਦੂਤ ਦੇ ਨਾਪ ਦੇ ਅਨੁਸਾਰ ਮਿਣਿਆ ਅਤੇ ਇੱਕ ਸੌ ਚੁਤਾਲੀ ਹੱਥ ਨਿੱਕਲੀ।
18ਅਤੇ ਉਹ ਦੀ ਸਫ਼ੀਲ ਦੀ ਚਿਣਾਈ ਯਸ਼ਬ ਦੀ ਸੀ ਅਤੇ ਉਹ ਨਗਰੀ ਨਖਾਲਸ ਸੋਨੇ ਦੀ ਸੀ ਸਾਫ਼ ਸ਼ੀਸ਼ੇ ਦੀ ਨਿਆਈਂ।
19ਓਸ ਨਗਰੀ ਦੀ ਸਫ਼ੀਲ ਦੀਆਂ ਨੀਹਾਂ ਹਰ ਪਰਕਾਰ ਦੇ ਜਵਾਹਰ ਨਾਲ ਜੜੀਆਂ ਹੋਈਆਂ ਸਨ। ਪਹਿਲੀ ਨੀਂਹ ਯਸ਼ਬ ਦੀ ਸੀ, ਦੂਜੀ ਨੀਲਮ ਦੀ, ਤੀਜੀ ਦੂਧੀਯਾ ਅਕੀਕ ਦੀ, ਚੌਥੀ ਪੰਨੇ ਦੀ,
20ਪੰਜਵੀਂ ਸੁਲੇਮਾਨੀ ਦੀ, ਛੇਵੀਂ ਲਾਲ ਅਕੀਕ ਦੀ, ਸੱਤਵੀ ਜ਼ਬਰਜਦ ਦੀ, ਅੱਠਵੀਂ ਬੈਰੂਜ ਦੀ, ਨੌਵੀਂ ਸੁਨਹਿਲੇ ਦੀ, ਦੱਸਵੀਂ ਹਰੇ ਅਕੀਕ ਦੀ, ਗਿਆਰ੍ਹਵੀਂ ਜ਼ਰਕਨ ਦੀ, ਬਾਰ੍ਹਵੀ ਕਟਹਲੇ ਦੀ।
21ਅਤੇ ਬਾਰਾਂ ਦਰਵੱਜੇ ਬਾਰਾਂ ਮੋਤੀ ਸਨ। ਇੱਕ ਇੱਕ ਦਰਵੱਜਾ ਇੱਕ ਇੱਕ ਮੋਤੀ ਦਾ ਸੀ, ਅਤੇ ਓਸ ਨਗਰੀ ਦਾ ਚੌਂਕ ਨਖਾਲਸ ਸੋਨੇ ਦਾ ਸੀ ਨਿਰਮਲ ਸ਼ੀਸ਼ੇ ਵਰਗਾ।
22ਮੈਂ ਓਸ ਵਿੱਚ ਕੋਈ ਹੈਕਲ ਨਾ ਵੇਖੀ ਕਿਉਂ ਜੋ ਪ੍ਰਭੁ ਪਰਮੇਸ਼ੁਰ ਸਰਬ ਸ਼ਕਤੀਮਾਨ ਅਤੇ ਲੇਲਾ ਉਹ ਦੀ ਹੈਕਲ ਹੈ।
23ਅਤੇ ਓਸ ਨਗਰੀ ਨੂੰ ਸੂਰਜ ਦੀ ਕੁਝ ਲੋੜ ਨਹੀਂ, ਨਾ ਚੰਦਰਮਾ ਦੀ ਭਈ ਓਹ ਉਸ ਉੱਤੇ ਚਮਕਣ ਕਿਉਂ ਜੋ ਪਰਮੇਸ਼ੁਰ ਦੇ ਤੇਜ ਨੇ ਉਹ ਨੂੰ ਚਾਨਣ ਕੀਤਾ ਅਤੇ ਲੇਲਾ ਉਹ ਦੀ ਜੋਤ ਹੈ।
24ਅਤੇ ਕੌਮਾਂ ਉਹ ਦੇ ਚਾਨਣੇ ਦੇ ਆਸਰੇ ਫਿਰਨਗੀਆਂ ਅਤੇ ਧਰਤੀ ਦੇ ਰਾਜੇ ਆਪਣੀ ਸ਼ਾਨ ਓਸ ਵਿੱਚ ਲਿਆਉਣਗੇ।
25ਅਤੇ ਉਹ ਦੇ ਦਰਵੱਜੇ ਦਿਨ ਨੂੰ ਕਦੇ ਬੰਦ ਨਾ ਹੋਣਗੇ ਕਿਉਂ ਜੋ ਰਾਤ ਤਾਂ ਉੱਥੇ ਹੋਣੀ ਹੀ ਨਹੀਂ।
26ਅਤੇ ਓਹ ਕੌਮਾਂ ਦੀ ਸ਼ਾਨ ਅਤੇ ਮਾਣ ਓਸ ਵਿੱਚ ਲਿਆਉਣਗੇ।
27ਪਰ ਕੋਈ ਅਪਵਿੱਤਰ ਵਸਤ ਯਾ ਕੋਈ ਘਿਣਾਉਣਾ ਅਤੇ ਝੂਠਾ ਕੰਮ ਕਰਨ ਵਾਲਾ ਓਸ ਵਿੱਚ ਕਦੇ ਨਾ ਵੜੇਗਾ ਪਰ ਨਿਰੇ ਓਹ ਜਿਹੜੇ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ।