Loading Bible Translation
First-time download in progress. This may take a few seconds…
Punjabi Bible Wordproject Bible
17 verses
1ਇਹ ਦੇ ਮਗਰੋਂ ਮੈ ਧਰਤੀ ਦੀਆਂ ਚੌਹਾਂ ਕੂੰਟਾਂ ਉੱਤੇ ਚਾਰ ਦੂਤ ਖਲੋਤੇ ਹੋਏ ਵੇਖੇ ਜਿਨ੍ਹਾਂ ਧਰਤੀ ਦੀਆਂ ਚੌਹਾਂ ਪੌਣਾਂ ਨੂੰ ਫੜਿਆ ਹੋਇਆ ਸੀ ਤਾਂ ਜੋ ਪੌਣ ਧਰਤੀ ਉੱਤੇ ਯਾ ਸਮੁੰਦਰ ਉੱਤੇ ਯਾ ਕਿਸੇ ਰੁੱਖ ਉੱਤੇ ਨਾ ਵਗੇ।
2ਅਤੇ ਮੈਂ ਇੱਕ ਹੋਰ ਦੂਤ ਨੂੰ ਜਿਹ ਦੇ ਕੋਲ ਅਕਾਲ ਪੁਰਖ ਦੀ ਮੋਹਰ ਸੀ ਚੜ੍ਹਦੇ ਪਾਸਿਓਂ ਉੱਠਦਾ ਵੇਖਿਆ ਅਤੇ ਓਸ ਨੇ ਓਹਨਾਂ ਚੌਹਾਂ ਦੂਤਾਂ ਨੂੰ ਜਿਨ੍ਹਾਂ ਨੂੰ ਇਹ ਦਿੱਤਾ ਗਿਆ ਸੀ ਭਈ ਧਰਤੀ ਅਤੇ ਸਮੁੰਦਰ ਦਾ ਵਿਗਾੜ ਕਰਨ ਵੱਡੀ ਅਵਾਜ਼ ਨਾਲ ਪੁਕਾਰ ਕੇ ਆਖਿਆ।
3ਜਿੰਨਾ ਚਿਰ ਅਸੀਂ ਆਪਣੇ ਪਰਮੇਸ਼ੁਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਾ ਲਾਈਏ ਤੁਸੀਂ ਧਰਤੀ ਯਾ ਸਮੁੰਦਰ ਯਾ ਰੁੱਖਾਂ ਦਾ ਵਿਗਾੜ ਨਾ ਕਰੋ।
4ਅਤੇ ਜਿਨ੍ਹਾਂ ਉੱਤੇ ਮੋਹਰ ਲੱਗੀ ਮੈਂ ਓਹਨਾਂ ਦੀ ਗਿਣਤੀ ਸੁਣੀ ਤਾਂ ਇਸਰਾਏਲ ਦੇ ਵੰਸ ਦੇ ਸਭਨਾਂ ਗੋਤਾਂ ਵਿੱਚੋਂ ਇੱਕ ਲੱਖ ਚੁਤਾਲੀਆਂ ਹਜ਼ਾਰਾਂ ਉੱਤੇ ਮੋਹਰ ਲੱਗੀ :-
5ਯਹੂਦਾਹ ਦੇ ਗੋਤ ਵਿੱਚੋਂ ਬਾਰਾਂ ਹਜ਼ਾਰਾਂ ਉੱਤੇ ਮੋਹਰ ਲੱਗੀ। ਰਊਬੇਨ ਦੇ ਗੇਤ ਵਿੱਚੋਂ ਬਾਰਾਂ ਹਜ਼ਾਰ, ਗਾਦ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ,
6ਅਸ਼ੇਰ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਨਫ਼ਤਾਲੀ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਮਨੱਸ਼ਹ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ,
7ਸ਼ਿਮਓਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਲੇਵੀ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਯਿੱਸਾਕਾਰ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ,
8ਜ਼ਬੂਲੁਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਯੂਸੁਫ਼ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਬਿਨਯਾਮੀਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰਾਂ ਉੱਤੇ ਮੋਹਰ ਲੱਗੀ।
9ਇਹ ਦੇ ਮਗਰੋਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ ਜਿਹਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ ਚਿੱਟੇ ਬਸਤਰ ਪਹਿਨੇ ਅਤੇ ਖਜੂਰ ਦੀਆਂ ਟਹਿਣੀਆਂ ਹੱਥਾਂ ਵਿੱਚ ਲਈ ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜੀ ਹੈ।
10ਅਤੇ ਏਹ ਵੱਡੀ ਅਵਾਜ਼ ਨਾਲ ਪੁਕਾਰ ਕੇ ਕਹਿੰਦੇ ਹਨ, — ਮੁਕਤੀ ਸਾਡੇ ਪਰਮੇਸ਼ੁਰ ਵੱਲੋਂ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਵੱਲੋਂ ਹੈ !
11ਸਾਰੇ ਦੂਤ ਸਿੰਘਾਸਣ ਦੇ ਅਤੇ ਬਜ਼ੁਰਗਾਂ ਦੇ ਅਤੇ ਚੌਹਾਂ ਜੰਤੂਆਂ ਦੇ ਦੁਆਲੇ ਖਲੋਤੇ ਸਨ ਤਾਂ ਓਹ ਸਿੰਘਾਸਣ ਦੇ ਸਾਹਮਣੇ ਮੂੰਹ ਦੇ ਭਾਰ ਡਿੱਗ ਪਏ ਅਤੇ ਪਰਮੇਸ਼ੁਰ ਨੂੰ ਮੱਥਾ ਟੇਕਿਆ।
12ਅਤੇ ਬੋਲੇ, — ਆਮੀਨ ! ਸਾਡੇ ਪਰਮੇਸ਼ੁਰ ਦਾ ਧੰਨਵਾਦ, ਮਹਿਮਾ, ਬੁੱਧ, ਸ਼ੁਕਰ, ਮਾਣ, ਸਮਰੱਥਾ ਅਤੇ ਸ਼ਕਤੀ ਜੁੱਗੋ ਜੁੱਗ ਹੋਵੇ ! ਆਮੀਨ।
13ਓਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਅੱਗੋਂ ਮੈਨੂੰ ਇਹ ਕਹਿ ਕੇ ਪੁੱਛਿਆ ਭਈ ਇਹ ਜਿਨ੍ਹਾਂ ਚਿੱਟੇ ਬਸਤਰ ਪਹਿਨੇ ਹਨ ਕੌਣ ਹਨ ਅਤੇ ਕਿੱਥੋਂ ਆਏ ?
14ਫੇਰ ਮੈਂ ਉਹ ਨੂੰ ਆਖਿਆ, ਹੇ ਮੇਰੇ ਪ੍ਰਭੁ ਜੀ, ਤੁਸੀਂ ਜਾਣੋ। ਤਾਂ ਓਨ ਮੈਨੂੰ ਆਖਿਆ, ਏਹ ਓਹ ਹਨ ਜਿਹੜੇ ਵੱਡੀ ਬਿਪਤਾ ਵਿੱਚੋਂ ਆਉਂਦੇ ਹਨ ਅਤੇ ਓਹਨਾਂ ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟਾ ਕੀਤਾ।
15ਇਸ ਕਰਕੇ ਓਹ ਪਰਮੇਸ਼ੁਰ ਦੇ ਸਿੰਘਾਸਣ ਦੇ ਮੋਹਰੇ ਹਨ, ਅਤੇ ਉਹ ਦੀ ਹੈਕਲ ਵਿੱਚ ਰਾਤ ਦਿਨ ਉਹ ਦੀ ਉਪਾਸਨਾ ਕਰਦੇ ਹਨ, ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਆਪਣਾ ਡੇਰਾ ਓਹਨਾਂ ਦੇ ਉੱਤੇ ਤਾਣੇਗਾ।
16ਓਹ ਫੇਰ ਭੁੱਖੇ ਨਾ ਹੋਣਗੇ, ਨਾ ਫੇਰ ਤਿਹਾਏ ਹੋਣਗੇ, ਨਾ ਧੁੱਪ, ਨਾ ਕੋਈ ਲੂ ਓਹਨਾਂ ਉੱਤੇ ਪਵੇਗੀ,
17ਕਿਉਂ ਜੋ ਲੇਲਾ ਜਿਹੜਾ ਸਿੰਘਾਸਣ ਦੇ ਵਿਚਕਾਰ ਹੈ, ਓਹਨਾਂ ਦਾ ਅਯਾਲੀ ਹੋਵੇਗਾ, ਅਤੇ ਓਹਨਾਂ ਨੂੰ ਅੰਮ੍ਰਿਤ ਜਲ ਦਿਆਂ ਸੋਤਿਆਂ ਕੋਲ ਲੈ ਜਾਵੇਗਾ, ਅਤੇ ਪਰਮੇਸ਼ੁਰ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ।