Loading Bible Translation
First-time download in progress. This may take a few seconds…
Punjabi Bible Wordproject Bible
13 verses
1ਜਾਂ ਸੱਤਵੀਂ ਮੋਹਰ ਉਹ ਨੇ ਤੋੜੀ ਤਾਂ ਸੁਰਗ ਵਿੱਚ ਅੱਧੇਕੁ ਘੰਟੇ ਤੀਕ ਚੁੱਪਚਾਣ ਰਹੀ।
2ਅਤੇ ਮੈਂ ਓਹਨਾਂ ਸੱਤਾਂ ਦੂਤਾਂ ਨੂੰ ਵੇਖਿਆ ਜਿਹੜੇ ਪਰਮੇਸ਼ੁਰ ਦੇ ਹਜ਼ੂਰ ਖੜੇ ਰਹਿੰਦੇ ਹਨ, ਅਤੇ ਓਹਨਾਂ ਨੂੰ ਸੱਤ ਤੁਰ੍ਹੀਆਂ ਫੜਾਈਆਂ ਗਈਆਂ।
3ਫੇਰ ਇੱਕ ਹੋਰ ਦੂਤ ਆਇਆ ਅਤੇ ਸੋਨੇ ਦੀ ਧੂਪਦਾਨੀ ਲਈ ਜਗਵੇਦੀ ਉੱਤੇ ਜਾ ਖਲੋਤਾ, ਅਤੇ ਬਹੁਤ ਸਾਰੀ ਧੂਪ ਉਹ ਨੂੰ ਦਿੱਤੀ ਗਈ ਭਈ ਉਹ ਉਸ ਨੂੰ ਸਭਨਾਂ ਸੰਤਾਂ ਦੀਆਂ ਪ੍ਰਾਰਥਨਾਂ ਦੇ ਨਾਲ ਨਾਲ ਉਸ ਸੋਨੇ ਦੀ ਜਗਵੇਦੀ ਉੱਤੇ ਧੁਖਾਉਂਦਾ ਰਹੇ ਜਿਹੜੀ ਸਿੰਘਾਸਣ ਦੇ ਅੱਗੇ ਹੈ।
4ਅਤੇ ਧੂਪ ਦਾ ਧੂੰਆਂ ਸੰਤਾਂ ਦੀਆਂ ਪ੍ਰਾਰਥਨਾਂ ਨਾਲ ਓਸ ਦੂਤ ਦੇ ਹੱਥੋਂ ਪਰਮੇਸ਼ੁਰ ਦੇ ਹਜ਼ੂਰ ਅੱਪੜ ਗਿਆ।
5ਤਾਂ ਦੂਤ ਨੇ ਧੂਪਦਾਨੀ ਲਈ ਅਤੇ ਜਗਵੇਦੀ ਦੀ ਕੁਝ ਅੱਗ ਓਸ ਵਿੱਚ ਭਰ ਕੇ ਧਰਤੀ ਉੱਤੇ ਸੁੱਟ ਦਿੱਤੀ। ਤਾਂ ਬੱਦਲ ਦੀਆਂ ਗਰਜਾਂ ਅਤੇ ਅਵਾਜ਼ਾਂ ਅਤੇ ਬਿਜਲੀ ਦੀਆਂ ਲਿਸ਼ਕਾਂ ਹੋਈਆਂ ਅਤੇ ਭੁਚਾਲ ਆਇਆ !
6ਫੇਰ ਓਹਨਾਂ ਸੱਤਾਂ ਦੂਤਾਂ ਨੇ ਜਿਨ੍ਹਾਂ ਕੋਲ ਸੱਤ ਤੁਰ੍ਹੀਆਂ ਸਨ ਆਪਣੇ ਆਪ ਨੂੰ ਤੁਰ੍ਹੀਆਂ ਵਜਾਉਣ ਲਈ ਤਿਆਰ ਕੀਤਾ।
7ਪਹਿਲੇ ਨੇ ਤੁਰ੍ਹੀ ਵਜਾਈ ਤਾਂ ਲਹੂ ਨਾਲ ਮਿਲੇ ਹੋਏ ਗੜੇ ਅਤੇ ਅੱਗ ਪਰਗਟ ਹੋਈ ਅਤੇ ਧਰਤੀ ਉੱਤੇ ਸੁੱਟੀ ਗਈ, ਤਾਂ ਧਰਤੀ ਦੀ ਇੱਕ ਤਿਹਾਈ ਸੜ ਗਈ ਅਤੇ ਰੁੱਖਾਂ ਦੀ ਇੱਕ ਤਿਹਾਈ ਸੜ ਗਈ ਅਤੇ ਸਭ ਹਰਾ ਘਾਹ ਸੜ ਗਿਆ।
8ਫੇਰ ਦੂਜੇ ਦੂਤ ਨੇ ਤੁਰ੍ਹੀ ਵਜਾਈ। ਤਾਂ ਇੱਕ ਵੱਡਾ ਪਹਾੜ ਜਿਹਾ ਅੱਗ ਨਾਲ ਬਲਦਾ ਹੋਇਆ ਸਮੁੰਦਰ ਵਿੱਚ ਸੁੱਟਿਆ ਗਿਆ ਅਤੇ ਸਮੁੰਦਰ ਦੀ ਇੱਕ ਤਿਹਾਈ ਲਹੂ ਬਣ ਗਈ।
9ਅਤੇ ਸਮੁੰਦਰ ਦੇ ਜਲ ਜੰਤੂਆਂ ਦੀ ਇੱਕ ਤਿਹਾਈ ਮਰ ਗਈ ਅਤੇ ਜਹਾਜ਼ਾਂ ਦੀ ਇੱਕ ਤਿਹਾਈ ਨਸ਼ਟ ਹੋ ਗਈ।
10ਫੇਰ ਤੀਜੇ ਦੂਤ ਨੇ ਤੁਰ੍ਹੀ ਵਜਾਈ ਤਾਂ ਇੱਕ ਵੱਡਾ ਤਾਰਾ ਮਸਾਲ ਵਾਂਙੁ ਬਲਦਾ ਹੋਇਆ ਅਕਾਸ਼ੋਂ ਟੁੱਟਿਆ ਅਤੇ ਨਦੀਆਂ ਦੀ ਇੱਕ ਤਿਹਾਈ ਉੱਤੇ ਅਤੇ ਪਾਣੀਆਂ ਦਿਆਂ ਸੁੰਬਾਂ ਉੱਤੇ ਜਾ ਪਿਆ।
11ਓਸ ਤਾਰੇ ਦਾ ਨਾਉਂ ਨਾਗਦਉਣਾ ਕਰਕੇ ਆਖੀਦਾ ਹੈ ਅਤੇ ਪਾਣੀਆਂ ਦੀ ਇੱਕ ਤਿਹਾਈ ਨਾਗਦਉਣੇ ਜਿਹੀ ਹੋ ਗਈ ਅਤੇ ਓਹਨਾਂ ਪਾਣੀਆਂ ਨਾਲ ਇਸ ਲਈ ਜੋ ਓਹ ਕੌੜੇ ਹੋ ਗਏ ਸਨ ਬਹੁਤੇ ਮਨੁੱਖ ਮਰ ਗਏ।
12ਫੇਰ ਚੌਥੇ ਦੂਤ ਨੇ ਤੁਰ੍ਹੀ ਵਜਾਈ ਤਾਂ ਸੂਰਜ ਦੀ ਇੱਕ ਤਿਹਾਈ ਅਤੇ ਚੰਦਰਮਾ ਦੀ ਇੱਕ ਤਿਹਾਈ ਅਤੇ ਤਾਰਿਆਂ ਦੀ ਇੱਕ ਤਿਹਾਈ ਮਾਰੀ ਗਈ ਭਈ ਓਹਨਾਂ ਦੀ ਇੱਕ ਤਿਹਾਈ ਅਨ੍ਹੇਰੀ ਹੋ ਜਾਵੇ ਅਤੇ ਦਿਨ ਦੀ ਇੱਕ ਤਿਹਾਈ ਚਾਨਣ ਨਾ ਹੋਵੇ ਅਤੇ ਇਸੇ ਪਰਕਾਰ ਰਾਤ ਦੀ ਭੀ।
13ਤਾਂ ਮੈਂ ਨਿਗਾਹ ਕੀਤੀ ਅਤੇ ਇੱਕ ਉਕਾਬ ਨੂੰ ਅਕਾਸ਼ ਵਿੱਚ ਉੱਡਦੇ ਅਤੇ ਵੱਡੀ ਅਵਾਜ਼ ਨਾਲ ਇਹ ਕਹਿੰਦੇ ਸੁਣਿਆ ਭਈ ਹਾਇ ਹਾਇ ਹਾਇ ਧਰਤੀ ਦੇ ਵਾਸੀਆਂ ਨੂੰ ! ਓਹਨਾਂ ਤਿੰਨਾਂ ਦੂਤਾਂ ਦੀ ਤੁਰ੍ਹੀ ਦੀਆਂ ਰਹਿੰਦੀਆਂ ਅਵਾਜ਼ਾਂ ਦੇ ਕਾਰਨ ਜਿਨ੍ਹਾਂ ਅਜੇ ਤੁਰ੍ਹੀ ਵਜਾਉਣੀ ਹੈ !