Loading Bible Translation
First-time download in progress. This may take a few seconds…
Punjabi Bible Wordproject Bible
22 verses
1ਨਿਆਈਆਂ ਦੇ ਰਾਜ ਦੇ ਸਮੇਂ ਵਿੱਚ ਅਜਿਹਾ ਹੋਇਆ ਜੋ ਉਸ ਦੇਸ ਵਿੱਚ ਕਾਲ ਪੈ ਗਿਆ ਅਤੇ ਬੈਤਲਹਮ ਯਹੂਦਾਹ ਦਾ ਇੱਕ ਮਨੁੱਖ ਆਪਣੀ ਤੀਵੀਂ ਅਤੇ ਦੋਹਾਂ ਪੁੱਤ੍ਰਾਂ ਸਣੇ ਮੋਆਬ ਦੇ ਦੇਸ ਵਿੱਚ ਵੱ ਸਣ ਨੂੰ ਚੱਲਿਆ।
2ਉਸ ਮਨੁੱਖ ਦਾ ਨਾਉਂ ਅਲੀਮਲਕ ਅਤੇ ਉਹ ਦੀ ਤੀਵੀਂ ਦਾ ਨਾਉਂ ਨਾਓਮੀ ਸੀ ਅਰ ਉਹ ਦੇ ਪੁੱਤ੍ਰਾਂ ਦੇ ਨਾਉਂ ਮਹਿਲੋਨ ਅਤੇ ਕਿਲਓਨ ਸਨ। ਇਹ ਬੈਤਲਹਮ-ਯਹੂਦਾਹ ਦੇ ਇਫ਼ਰਾਥੀ ਸਨ ਸੋ ਓਹ ਮੋਆਬ ਦੇ ਦੇਸ ਵਿੱਚ ਆਣ ਕੇ ਉੱਥੇ ਰਹੇ।
3ਨਾਓਮੀ ਦਾ ਪਤੀ ਅਲੀਮਲਕ ਮਰ ਗਿਆ ਅਤੇ ਉਹ ਅਰ ਉਸ ਦੇ ਦੋਵੇਂ ਪੁੱਤ੍ਰ ਰਹਿ ਗਏ।
4ਉਨ੍ਹਾਂ ਦੁਹਾਂ ਨੇ ਮੋਆਬ ਦੀਆਂ ਤੀਵੀਆਂ ਵਿੱਚੋਂ ਵਹੁਟੀਆਂ ਵਿਆਹੀਆਂ। ਇੱਕ ਦਾ ਨਾਉਂ ਆਰਪਾਹ ਅਤੇ ਦੂਜੀ ਦਾ ਨਾਉਂ ਰੂਥ ਸੀ ਅਤੇ ਓਹ ਦਸਕੁ ਵਰਹੇ ਉੱਥੇ ਰਹੇ।
5ਇਹ ਦੇ ਪਿੱਛੋਂ ਮਹਿਲੋਨ ਅਤੇ ਕਿਲਓਨ ਦੋਵੇਂ ਮਰ ਗਏ ਸੋ ਉਹ ਤੀਵੀਂ ਆਪਣੇ ਦੋਹਾਂ ਪੁੱਤ੍ਰਾਂ ਅਤੇ ਪਤੀ ਕੋਲੋਂ ਇਕੱਲੀ ਛੱਡੀ ਗਈ।
6ਤਦ ਉਹ ਆਪਣੀਆਂ ਦੋਹਾਂ ਨੂੰਹਾਂ ਸਣੇ ਮੋਆਬ ਦੇ ਦੇਸੋਂ ਮੁੜ ਜਾਣ ਲਈ ਉੱਠੀ ਕਿਉਂ ਜੋ ਉਹ ਨੇ ਮੋਆਬ ਦੇ ਦੇਸ ਵਿੱਚ ਇਹ ਗੱਲ ਸੁਣੀ ਭਈ ਯਹੋਵਾਹ ਨੇ ਆਪਣੇ ਲੋਕਾਂ ਦਾ ਧਿਆਨ ਕੀਤਾ ਹੈ ਅਤੇ ਉਨ੍ਹਾਂ ਨੂੰ ਰੋਟੀ ਦਿੱਤੀ ਹੈ।
7ਸੋ ਉਸ ਥਾਂ ਤੋਂ ਜਿੱਥੇ ਉਹ ਹੈਸੀ ਆਪਣੀਆਂ ਦੋਹਾਂ ਨੂੰਹਾਂ ਸਣੇ ਤੁਰ ਪਈ ਅਤੇ ਯਹੂਦਾਹ ਦੇ ਦੇਸ ਨੂੰ ਮੁੜ ਜਾਣ ਲਈ ਪੈਂਡਾ ਕੀਤਾ।
8ਨਾਓਮੀ ਨੇ ਆਪਣੀਆਂ ਦੋਹਾਂ ਨੂੰਹਾਂ ਨੂੰ ਆਖਿਆ, ਤੁਸੀਂ ਦੋਵੇਂ ਆਪੋ ਆਪਣੇ ਮਾਪਿਆਂ ਦੇ ਜਾਓ। ਜੇਹੀ ਤੁਸਾਂ ਮੇਰੇ ਮਿਰਤਕਾਂ ਨਾਲ ਅਤੇ ਮੇਰੇ ਨਾਲ ਦਯਾ ਕੀਤਾ ਹੈ ਤੇਹੀ ਯਹੋਵਾਹ ਤੁਹਾਡੇ ਉੱਤੇ ਦਯਾ ਕਰੇ।
9ਯਹੋਵਾਹ ਅਜਿਹਾ ਕਰੇ ਜੋ ਤੁਸੀਂ ਆਪੋ ਆਪਣੇ ਪਤੀਆਂ ਦੇ ਘਰ ਵਿੱਚ ਸੁਖ ਪਾਓ। ਤਦ ਉਸ ਨੇ ਉਨ੍ਹਾਂ ਨੂੰ ਚੁੰਮਿਆ ਅਤੇ ਓਹ ਉੱਚੀ ਆਵਾਜ਼ ਨਾਲ ਰੋਈਆਂ।
10ਫੇਰ ਉਨ੍ਹਾਂ ਨੇ ਉਹ ਨੂੰ ਆਖਿਆ, ਸੱਚ ਮੁੱਚ ਅਸੀਂ ਤੇਰੇ ਨਾਲ ਤੇਰਿਆਂ ਲੋਕਾਂ ਦੇ ਵਿੱਚ ਜਾਵਾਂਗੀਆਂ।
11ਅੱਗੋਂ ਨਾਓਮੀ ਨੇ ਆਖਿਆ, ਹੇ ਮੇਰੀਓ ਧੀਓ, ਮੁੜ ਜਾਓ। ਮੇਰੇ ਨਾਲ ਕਾਹਨੂੰ ਤੁਰਦੀਆਂ ਹੋ? ਭਲਾ, ਮੇਰੀ ਕੁੱਖ ਵਿੱਚ ਕੋਈ ਹੋਰ ਪੁੱਤ੍ਰ ਹਨ ਜੋ ਤੁਹਾਡੇ ਪਤੀ ਬਣਨ?
12ਹੇ ਮੇਰੀਓ ਧੀਓ, ਮੁੜ ਜਾਓ, ਤੁਰ ਜਾਓ ਕਿਉਂ ਜੋ ਮੈਂ ਵੱਡੀ ਬੁੱਢੀ ਹਾਂ ਅਤੇ ਪਤੀ ਕਰਨ ਜੋਗ ਨਹੀਂ ਜੋ ਮੈਂ ਕਹਾਂ ਭਈ ਮੈਨੂੰ ਆਸਾ ਹੈ ਜੋ ਅੱਜ ਦੀ ਰਾਤੀਂ ਮੇਰਾ ਪਤੀ ਹੁੰਦਾ ਅਤੇ ਮੈਂ ਮੁੰਡੇ ਜਣਦੀ।
13ਸੋ ਜਦ ਤੀਕਰ ਓਹ ਵੱਡੇ ਹੁੰਦੇ ਭਲਾ, ਤਦ ਤੀਕਰ ਤੁਸੀਂ ਠਹਿਰਦੀਆਂ ਅਤੇ ਉਨ੍ਹਾਂ ਦੀ ਆਸ ਉੱਤੇ ਪਤੀ ਨਾ ਕਰਦੀਆਂ? ਨਹੀਂ ਮੇਰੀਓ ਧੀਓ, ਮੈਂ ਤੁਹਾਡੇ ਕਾਰਨ ਵੱਡੀ ਉਦਾਸ ਹਾਂ ਕਿਉਂ ਜੋ ਯਹੋਵਾਹ ਦਾ ਹੱਥ ਮੇਰੇ ਵਿਰੁੱਧ ਪਸਰਿਆ ਹੈ।
14ਤਦ ਓਹ ਫੇਰ ਉੱਚੀ ਆਵਾਜ਼ ਕੱਢ ਕੇ ਰੋਈਆਂ ਅਤੇ ਆਰਪਾਹ ਨੇ ਆਪਣੀ ਸੱਸ ਨੂੰ ਚੁੰਮਿਆ ਪਰ ਰੂਥ ਉਹ ਦੇ ਨਾਲ ਲੱਗੀ ਰਹੀ।
15ਤਦ ਉਹ ਬੋਲੀ, ਵੇਖ, ਤੇਰੀ ਜਿਠਾਣੀ ਆਪਣੇ ਟੱਬਰ ਅਤੇ ਦੇਵਤਿਆਂ ਵੱਲ ਮੁੜ ਗਈ ਹੈ। ਤੂੰ ਵੀ ਆਪਣੀ ਜਿਠਾਣੀ ਦੇ ਮਗਰ ਮੁੜ ਜਾਹ।
16ਪਰ ਰੂਥ ਬੋਲੀ, ਮੇਰੇ ਅੱਗੇ ਤਰਲੇ ਨਾ ਪਾ ਜੋ ਮੈਂ ਤੈਨੂੰ ਇਕੱਲਿਆਂ ਛੱਡਾਂ ਅਤੇ ਮਗਰੋਂ ਮੁੜਾਂ ਕਿਉਂ ਜੋ ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ ਅਤੇ ਜਿੱਥੇ ਤੂੰ ਰਹੇਂਗੀ ਉੱਥੇ ਹੀ ਮੈਂ ਰਹਾਂਗੀ। ਤੇਰੇ ਲੋਕ ਸੋ ਮੇਰੇ ਲੋਕ ਅਤੇ ਤੇਰਾ ਪਰਮੇਸ਼ੁਰ ਸੋ ਮੇਰਾ ਪਰਮੇਸ਼ੁਰ ਹੋਵੇਗਾ।
17ਜਿੱਥੇ ਤੂੰ ਮਰੇਂਗੀ ਉੱਥੇ ਮੈਂ ਮਰਾਂਗੀ ਅਤੇ ਉੱਥੇ ਹੀ ਮੈਂ ਦੱਬੀ ਜਾਵਾਂਗੀ। ਯਹੋਵਾਹ ਮੇਰੇ ਨਾਲ ਅਜਿਹਾ ਹੀ ਕਰੇ ਅਤੇ ਇਹ ਦੇ ਨਾਲੋਂ ਭੀ ਵਧੀਕ ਜੇ ਕਦੀ ਮੌਤ ਤੋਂ ਛੁੱਟ ਕੋਈ ਹੋਰ ਕਾਰਨ ਮੈਨੂੰ ਤੈਥੋਂ ਵੱਖਰੀ ਕ���ੇ।
18ਜਦ ਉਹ ਨੇ ਡਿੱਠਾ ਜੋ ਉਹ ਦਾ ਮਨ ਉਸ ਦੇ ਨਾਲ ਜਾਣ ਨੂੰ ਬੱਝ ਗਿਆ ਹੈ ਤਾਂ ਉਹ ਆਖਣੋਂ ਹਟ ਗਈ।
19ਸੋ ਓਹ ਦੋਵੇਂ ਤੁਰ ਪਈਆਂ ਐਥੋਂ ਤੋੜੀ ਜੋ ਬੈਤਲਹਮ ਵਿੱਚ ਆਈਆਂ। ਜਦ ਓਹ ਬੈਤਲਹਮ ਵਿੱਚ ਆ ਵੜੀਆਂ ਤਾਂ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਅਤੇ ਤੀਵੀਆਂ ਬੋਲੀਆਂ, ਕੀ ਏਹ ਨਾਓਮੀ ਹੈ?
20ਉਸ ਨੇ ਉਨ੍ਹਾਂ ਨੂੰ ਆਖਿਆ, ਮੈਨੂੰ ਨਾਓਮੀ ਨਾ ਆਖੋ। ਮੈਨੂੰ ਮਾਰਾ ਆਖੋ ਕਿਉਂ ਜੋ ਸਰਬ ਸ਼ਕਤੀਮਾਨ ਨੇ ਮੇਰੇ ਨਾਲ ਡਾਢੀ ਕੁੜੱਤਣ ਦਾ ਕੰਮ ਕੀਤਾ ਹੈ।
21ਮੈਂ ਭਰੀ ਪੱਲੀਂ ਨਿੱਕਲੀ ਸੀ ਪਰ ਯਹੋਵਾਹ ਮੈਨੂੰ ਸੱਖਣੀ ਮੋੜ ਲਿਆਇਆ ਹੈ। ਫੇਰ ਤੁਸੀਂ ਮੈਨੂੰ ਨਾਓਮੀ ਕਿਉਂ ਆਖਦੀਆਂ ਹੋ? ਤੁਸੀਂ ਵੇਖਦੇ ਹੋ ਜੋ ਯਹੋਵਾਹ ਮੇਰਾ ਵਿਰੋਧੀ ਬਣਿਆ ਅਤੇ ਸਰਬ ਸ਼ਕਤੀਮਾਨ ਨੇ ਮੈਨੂੰ ਦੁਖ ਦਿੱਤਾ।
22ਗੱਲ ਕਾਹਦੀ, ਨਾਓਮੀ ਅਤੇ ਉਹ ਦੇ ਨਾਲ ਦੀ ਮੋਆਬਣ ਰੂਥ ਉਸ ਦੀ ਨੂੰਹ ਮੋਆਬ ਦੇ ਦੇਸੋਂ ਮੁੜ ਆਈਆਂ ਅਤੇ ਜਵਾਂ ਦੀ ਵਾਢੀ ਦੇ ਦਿਨਾਂ ਵਿੱਚ ਬੈਤਲਹਮ ਨੂੰ ਪਹੁੰਚੀਆਂ।