Loading Bible Translation
First-time download in progress. This may take a few seconds…
Punjabi Bible Wordproject Bible
16 verses
1ਵੇਖ, ਹੇ ਮੇਰੀ ਪ੍ਰੀਤਮਾ, ਤੂੰ ਰੂਪਵੰਤ ਹੈਂ! ਵੇਖ, ਤੂੰ ਰੂਪਵੰਤ ਹੈਂ, ਤੇਰੀਆਂ ਅੱਖਾਂ ਘੁੰਡ ਦੇ ਹੇਠ ਕਬੂਤਰੀਆਂ ਹਨ, ਤੇਰੇ ਵਾਲ ਬੱਕਰੀਆਂ ਦੇ ਇੱਜੜ ਵਾਂਙੁ ਹਨ, ਜਿਹੜੀਆਂ ਗਿਲਆਦ ਪਹਾੜ ਦੇ ਹੇਠਾਂ ਬੈਠੀਆਂ ਹਨ।
2ਤੇਰੇ ਦੰਦ ਮੁੰਨੀਆਂ ਹੋਈਆਂ ਭੇਡਾਂ ਦੇ ਇੱਜੜ ਵਾਂਙੁ ਹਨ, ਜਿਹੜੀਆਂ ਨਹਾ ਕੇ ਉਤਾਹਾਂ ਆਈਆਂ ਹਨ, ਜਿਨ੍ਹਾਂ ਸਾਰੀਆਂ ਦੇ ਜੌੜੇ ਹਨ, ਤੇ ਕਮੀ ਉਨ੍ਹਾਂ ਵਿੱਚ ਕੋਈ ਨਹੀਂ।
3ਤੇਰੇ ਬੁੱਲ੍ਹ ਕਿਰਮਚੀ ਡੋਰੇ ਵਰਗੇ ਹਨ, ਤੇਰਾ ਮੂੰਹ ਸੋਹਣਾ ਹੈ, ਤੇਰੀਆਂ ਖਾਖਾਂ ਘੁੰਡ ਦੇ ਹੇਠ ਅਨਾਰ ਦੇ ਟੁਕੜੇ ਹਨ।
4ਤੇਰੀ ਗਰਦਨ ਦਾਊਦ ਦੇ ਬੁਰਜ ਵਾਂਙੁ ਹੈ, ਜਿਹੜਾ ਸ਼ਸਤਰ-ਖ਼ਾਨੇ ਲਈ ਬਣਿਆ ਹੈ, ਜਿਹ ਦੇ ਉੱਤੇ ਹਜ਼ਾਰ ਢਾਲਾਂ ਲਟਕਾਈਆਂ ਹੋਈਆਂ ਹਨ, ਓਹ ਸਾਰੀਆਂ ਸੂਰਮਿਆਂ ਦੀਆਂ ਢਾਲਾਂ ਹਨ।
5ਤੇਰੀਆਂ ਦੋਨੋਂ ਛਾਤੀਆਂ ਦੋ ਹਰਨੋਟਿਆਂ ਵਾਂਙੁ, ਹਰਨੀ ਦੇ ਜੌੜੇ ਹਨ, ਜਿਹੜੇ ਸੋਸਨਾਂ ਦੇ ਵਿੱਚ ਚੁਗਦੇ ਹਨ।
6ਜਦ ਤੀਕ ਦਿਨ ਸਾਹ ਨਾ ਲਵੇ ਅਤੇ ਸਾਯੇ ਹਟ ਨਾ ਜਾਣ, ਮੈਂ ਗੰਧਰਸ ਦੇ ਪਹਾੜ ਤੇ ਲੁਬਾਨ ਦੇ ਟਿੱਲੇ ਉੱਤੇ ਚੱਲਾ ਜਾਵਾਂਗਾ।
7ਹੇ ਮੇਰੀ ਪ੍ਰੀਤਮਾ, ਤੂੰ ਸਾਰੀ ਦੀ ਸਾਰੀ ਰੂਪਵੰਤ ਹੈਂ, ਤੇਰੇ ਵਿੱਚ ਕੋਈ ਕਜ ਨਹੀਂ।
8ਹੇ ਮੇਰੀ ਬਨਰੀ, ਲਬਾਨੋਨ ਤੋਂ ਮੇਰੇ ਸੰਗ ਆ, ਲਬਾਨੋਨ ਤੋਂ ਮੇਰੇ ਸੰਗ, ਅਮਾਨਾਹ ਦੀ ਚੋਟੀ ਤੋਂ ਸ਼ਨੀਰ ਤੇ ਹਰਮੋਨ ਦੀ ਚੋਟੀ ਤੋਂ, ਸ਼ੇਰਾਂ ਦਿਆਂ ਘੁਰਨਿਆਂ ਤੋਂ, ਚਿੱਤ੍ਰਿਆਂ ਦੇ ਪਹਾੜਾਂ ਤੋਂ ਚੱਲੀ ਆ।
9ਹੇ ਮੇਰੀ ਪਿਆਰੀ, ਮੇਰੀ ਬਨਰੀ, ਤੈਂ ਮੇਰਾ ਮਨ ਲੁੱਟ ਲਿਆ, ਆਪਣੀ ਇੱਕ ਨਜ਼ਰ ਨਾਲ ਤੈਂ ਮੇਰਾ ਮਨ ਲੁੱਟ ਲਿਆ, ਆਪਣੀ ਗਰਦਨ ਦੀ ਮਾਲਾ ਦੀ ਇੱਕ ਜੁਗਨੀ ਨਾਲ!
10ਹੇ ਮੇਰੀ ਪਿਆਰੀ, ਮੇਰੀ ਬਨਰੀ, ਤੇਰਾ ਪ੍ਰੇਮ ਕਿੰਨਾ ਸੋਹਣਾ ਹੈ, ਤੇਰਾ ਪ੍ਰੇਮ ਮਧ ਨਾਲੋਂ ਅਤੇ ਤੇਰੇ ਤੇਲਾਂ ਦੀ ਸੁਗੰਧ ਸਾਰਿਆਂ ਮਸਾਲਿਆਂ ਨਾਲੋਂ ਕਿੰਨੀ ਚੰਗੀ ਹੈ!
11ਹੇ ਮੇਰੀ ਬਨਰੀ, ਤੇਰੇ ਬੁੱਲ੍ਹਾ ਤੋਂ ਸ਼ਹਿਤ ਚੋ ਰਿਹਾ ਹੈ, ਤੇਰੀ ਜੀਭ ਦੇ ਹੇਠ ਸ਼ਹਿਤ ਤੇ ਦੁੱਧ ਹੈ, ਅਤੇ ਤੇਰੀ ਪੁਸ਼ਾਕ ਦੀ ਸੁਗੰਧ ਲਬਾਨੋਨ ਦੀ ਸੁਗੰਧ ਵਾਂਙੁ ਹੈ।
12ਮੇਰੀ ਪਿਆਰੀ, ਮੇਰੀ ਬਨਰੀ ਇੱਕ ਬੰਦ ਕੀਤੀ ਹੋਈ ਬਾੜੀ ਹੈ, ਇੱਕ ਬੰਦ ਕੀਤਾ ਹੋਇਆ ਸੋਤਾ ਅਤੇ ਮੋਹਰ ਲਾਇਆ ਹੋਇਆ ਚਸ਼ਮਾ।
13ਤੇਰੀਆਂ ਟਹਿਣੀਆਂ ਅਨਾਰਾਂ ਦਾ ਬਾਗ਼ ਹਨ, ਮਿੱਠੇ ਫਲਾਂ ਨਾਲ, ਮਹਿੰਦੀ ਤੇ ਜਟਾ ਮਾਸੀ,
14ਜਟਾ ਮਾਸੀ ਅਤੇ ਕੇਸਰ, ਬੇਦ ਮੁਸ਼ਕ ਅਤੇ ਦਾਲ ਚੀਨੀ, ਲੁਬਾਨ ਦੇ ਸਾਰੇ ਬਿਰਛਾਂ ਨਾਲ, ਗੰਧਰਸ ਤੇ ਕੇਉੜਾ ਸਭ ਉੱਤਮ ਮਸਾਲਿਆਂ ਨਾਲ।
15ਤੂੰ ਬਾਗ਼ਾਂ ਦਾ ਇੱਕ ਸੋਤਾ, ਅੰਮ੍ਰਿਤ ਜਲ ਦਾ ਇੱਕ ਖੂਹ, ਅਤੇ ਲਬਾਨੋਨ ਤੋਂ ਵਗਦੀਆਂ ਹੋਈਆਂ ਨਦੀਆਂ ਹੈਂ।
16ਹੇ ਉੱਤਰ ਦੀਏ ਪੌਣੇ, ਜਾਗ! ਹੇ ਦੱਖਣ ਦੀਏ ਪੌਣੇ, ਆ, ਮੇਰੇ ਬਾਗ਼ ਉੱਤੇ ਵਗ ਕਿ ਏਹ ਦੀ ਖੁਸ਼ਬੂ ਫੈਲੇ। ਮੇਰਾ ਬਾਲਮ ਆਪਣੇ ਬਾਗ਼ ਵਿੱਚ ਆਵੇ, ਤੇ ਆਪਣੇ ਮਿੱਠੇ ਫਲ ਖਾਵੇ।