Loading Bible Translation
First-time download in progress. This may take a few seconds…
Punjabi Bible Wordproject Bible
16 verses
1ਹੇ ਮੇਰੀ ਪਿਆਰੀ, ਮੇਰੀ ਬਨਰੀ, ਮੈਂ ਆਪਣੇ ਬਾਗ਼ ਵਿੱਚ ਆਇਆ ਹਾਂ, ਮੈਂ ਆਪਣਾ ਗੰਧਰਸ ਆਪਣੇ ਮਸਾਲੇ ਸਣੇ ਇਕੱਠਾ ਕਰ ਲਿਆ ਹੈ, ਮੈਂ ਆਪਣਾ ਮਖੀਰ ਸ਼ਹਿਤ ਸਣੇ ਖਾ ਲਿਆ ਹੈ, ਮੈਂ ਆਪਣੀ ਮਧ ਦੁੱਧ ਸਣੇ ਪੀ ਲਈ ਹੈ। ਸਾਥੀਓ, ਖਾਓ! ਪਿਆਰਿਓ, ਪੀਓ, ਰੱਜ ਕੇ ਪੀਓ!
2ਮੈਂ ਸੁੱਤੀ ਹੋਈ ਸਾਂ ਪਰ ਮੇਰਾ ਮਨ ਜਾਗਦਾ ਸੀ, ਏਹ ਮੇਰੇ ਬਾਲਮ ਦੀ ਅਵਾਜ਼ ਹੈ ਜਿਹੜਾ ਖੜਕਾਉਂਦਾ ਹੈ, “ਹੇ ਮੇਰੀ ਪਿਆਰੀ, ਮੇਰੀ ਪ੍ਰੀਤਮਾ, ਮੇਰੀ ਕਬੂਤਰੀ, ਮੇਰੀ ਨਿਰਮਲ, ਮੇਰੇ ਲਈ ਖੋਲ੍ਹ! ਮੇਰਾ ਸਿਰ ਤ੍ਰੇਲ ਨਾਲ ਭਰਿਆ ਹੋਇਆ ਹੈ, ਮੇਰੀਆਂ ਲਟਾਂ ਰਾਤ ਦੀਆਂ ਬੂੰਦਾਂ ਨਾਲ।”
3ਮੈਂ ਆਪਣਾ ਝੱਗਾ ਲਾਹ ਚੁੱਕੀ ਹਾਂ, ਮੈਂ ਉਹ ਨੂੰ ਕਿਵੇਂ ਪਾਵਾਂ? ਮੈਂ ਆਪਣੇ ਪੈਰ ਧੋ ਚੁੱਕੀ ਹਾਂ, ਮੈਂ ਉਨ੍ਹਾਂ ਨੂੰ ਮੈਲੇ ਕਿਵੇਂ ਕਰਾਂ?
4ਮੇਰੇ ਬਾਲਮ ਨੇ ਛੇਕ ਦੇ ਵਿੱਚੋਂ ਦੀ ਹੱਥ ਪਾਇਆ, ਮੇਰਾ ਦਿਲ ਉਹ ਦੇ ਕਾਰਨ ਉੱਛਲ ਪਿਆ!
5ਮੈਂ ਉੱਠੀ ਕਿ ਆਪਣੇ ਬਾਲਮ ਲਈ ਦਰਵੱਜਾ ਖੋਲ੍ਹਾਂ, ਮੇਰੇ ਹੱਥਾਂ ਤੋਂ ਗੰਧਰਸ ਅਤੇ ਮੇਰੀਆਂ ਉਂਗਲੀਆਂ ਤੋਂ ਵੀ ਪਤਲਾ ਗੰਧਰਸ ਬਿੱਲੀ ਦੇ ਦਸਤੇ ਉੱਤੇ ਚੋ ਪਿਆ।
6ਮੈਂ ਆਪਣੇ ਬਾਲਮ ਲਈ ਖੋਲ੍ਹਿਆ ਪਰ ਮੇਰਾ ਬਾਲਮ ਮੁੜ ਕੇ ਲੰਘ ਗਿਆ ਸੀ, ਮੇਰੇ ਪ੍ਰਾਣ ਘੱਟ ਗਏ ਜਦ ਉਹ ਬੋਲਿਆ, ਮੈਂ ਉਹ ਨੂੰ ਭਾਲਿਆ ਪਰ ਉਹ ਲੱਭਾ ਨਾ, ਮੈਂ ਉਹ ਨੂੰ ਪੁਕਾਰਿਆ ਪਰ ਉਸ ਮੈਨੂੰ ਉੱਤਰ ਨਾ ਦਿੱਤਾ।
7ਪਹਿਰੇ ਵਾਲੇ ਜਿਹੜੇ ਸ਼ਹਿਰ ਵਿੱਚ ਫਿਰਦੇ ਸਨ ਮੈਨੂੰ ਮਿਲੇ, ਉਨ੍ਹਾਂ ਨੇ ਮੈਨੂੰ ਮਾਰਿਆ ਤੇ ਘਾਇਲ ਕਰ ਸੁੱਟਿਆ, ਸਫ਼ੀਲ ਦੇ ਪਹਿਰੇ ਵਾਲਿਆਂ ਨੇ ਮੇਰੀ ਚਾਦਰ ਮੇਰੇ ਉੱਤੋਂ ਲਾਹ ਲਈ।
8ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਸੁਗੰਦ ਦਿੰਦੀ ਹਾਂ, ਜੇ ਮੇਰਾ ਬਾਲਮ ਤੁਹਾਨੂੰ ਮਿਲ ਜਾਵੇ, ਕੀ ਤੁਸੀਂ ਉਹ ਨੂੰ ਦੱਸੋਗੀਆਂ ਕਿ ਮੈਂ ਪ੍ਰੀਤ ਦੀ ਰੋਗਣ ਹਾਂ?
9ਤੇਰਾ ਬਾਲਮ ਦੂਜੇ ਬਾਲਮਾਂ ਨਾਲੋਂ ਕਿਵੇਂ ਵੱਧ ਹੈ, ਹੇ ਇਸਤ੍ਰੀਆਂ ਵਿੱਚੋਂ ਰੂਪਵੰਤ! ਤੇਰਾ ਬਾਲਮ ਦੂਜੇ ਬਾਲਮਾਂ ਨਾਲੋਂ ਕਿਵੇਂ ਵੱਧ ਹੈ, ਜੋ ਤੂੰ ਸਾਨੂੰ ਇਉਂ ਸੁਗੰਦ ਦਿੰਦੀ ਹੈਂ!
10ਮੇਰਾ ਬਾਲਮ ਗੋਰਾ ਤੇ ਲਾਲ ਹੈ, ਉਹ ਤਾਂ ਹਜ਼ਾਰਾਂ ਵਿੱਚ ਮੰਨਿਆ ਦੰਨਿਆ ਹੈ!
11ਉਸ ਦਾ ਸਿਰ ਕੁੰਦਨ ਸੋਨਾ ਹੈ, ਉਸ ਦੇ ਵਾਲ ਘੁੰਗਰੂਆਂ ਵਾਲੇ ਤੇ ਪਹਾੜੀ ਕਾਂ ਵਾਂਙੁ ਕਾਲੇ ਹਨ।
12ਉਸ ਦੀਆਂ ਅੱਖਾਂ ਪਾਣੀ ਦੀਆਂ ਨਦੀਆਂ ਉੱਤੇ ਦੇ ਕਬੂਤਰਾਂ ਵਾਂਙੁ ਹਨ, ਜਿਹੜੀਆਂ ਦੁੱਧ ਨਾਲ ਨਹਾ ਕੇ ਪੂਰੇ ਤੌਰ ਤੇ ਬੈਠੀਆਂ ਹਨ।
13ਉਸ ਦੀਆਂ ਗੱਲ੍ਹਾਂ ਬਲਸਾਨ ਦੀ ਕਿਆਰੀ, ਅਤੇ ਮੁਸ਼ਕ ਦੀਆਂ ਬੁਰਜੀਆਂ ਵਾਂਙੁ ਹਨ, ਉਸ ਦੇ ਬੁੱਲ੍ਹ ਸੋਸਨ ਹਨ, ਜਿਨ੍ਹਾਂ ਤੋਂ ਪਤਲਾ ਗੰਧਰਸ ਚੋਂਦਾ ਹੈ।
14ਉਸ ਦੇ ਹੱਥ ਸੋਨੇ ਦੇ ਕੁੰਡਲ ਹਨ, ਜਿਨ੍ਹਾਂ ਵਿੱਚ ਜ਼ਬਰ ਜਦ ਜੜੇ ਹੋਏ ਹਨ। ਉਸ ਦਾ ਪੇਟ ਹਾਥੀ ਦੰਦ ਦੀ ਬਣਤ ਦਾ ਹੈ, ਜਿਸ ਦੇ ਉੱਤੇ ਨੀਲਮ ਦੀ ਗਚਕਾਰੀ ਹੈ।
15ਉਸ ਦੀਆਂ ਲੱਤਾਂ ਸੰਗ ਮਰਮਰ ਦੇ ਪੀਲ ਪਾਏ ਹਨ, ਜਿਹੜੀਆਂ ਕੁੰਦਨ ਸੋਨੇ ਦੀਆਂ ਚੀਥੀਆਂ ਉੱਤੇ ਰੱਖੀਆਂ ਹੋਈਆਂ ਹਨ। ਉਸ ਦਾ ਆਕਾਰ ਲਬਾਨੋਨ ਵਰਗਾ, ਦਿਆਰ ਵਾਂਙੁ ਉੱਤਮ ਹੈ।
16ਉਸ ਦਾ ਮੂੰਹ ਬਹੁਤ ਮਿੱਠਾ, ਅਤੇ ਉਹ ਸਾਰੇ ਦਾ ਸਾਰਾ ਮਨ ਭਾਉਣਾ ਹੈ! ਹੇ ਯਰੂਸ਼ਲਮ ਦੀਓ ਧੀਓ, ਏਹ ਮੇਰਾ ਬਾਲਮ ਤੇ ਏਹ ਮੇਰਾ ਪ੍ਰੀਯਾ ਹੈ।