Loading Bible Translation
First-time download in progress. This may take a few seconds…
Punjabi Bible Wordproject Bible
16 verses
1ਲਿਖਤੁਮ ਪੌਲੁਸ ਜੋ ਪਰਮੇਸ਼ੁਰ ਦਾ ਦਾਸ ਅਤੇ ਪਰਮੇਸ਼ੁਰ ਦਿਆਂ ਚੁਣਿਆਂ ਹੋਇਆਂ ਦੀ ਨਿਹਚਾ ਦੇ ਨਮਿੱਤ ਅਰ ਸਤ ਦੀ ਓਸ ਸਿਆਣ ਦੇ ਨਮਿੱਤ ਜੋ ਭਗਤੀ ਦੇ ਅਨੁਸਾਰ ਹੈ ਯਿਸੂ ਮਸੀਹ ਦਾ ਰਸੂਲ ਹਾਂ।
2ਉਸ ਸਦੀਪਕ ਜੀਵਨ ਦੀ ਆਸ ਉੱਤੇ ਜਿਹ ਦਾ ਪਰਮੇਸ਼ੁਰ ਨੇ ਜੋ ਝੂਠ ਬੋਲ ਨਹੀਂ ਸੱਕਦਾ ਸਨਾਤਨ ਸਮਿਆਂ ਤੋਂ ਵਾਇਦਾ ਕੀਤਾ ਸੀ।
3ਪਰ ਵੇਲੇ ਸਿਰ ਆਪਣੇ ਬਚਨ ਨੂੰ ਉਸ ਪਰਚਾਰ ਦੇ ਰਾਹੀਂ ਪਰਗਟ ਕੀਤਾ ਜਿਹੜਾ ਸਾਡੇ ਮੁਕਤੀ ਦਾਤਾ ਪਰਮੇਸ਼ੁਰ ਦੀ ਆਗਿਆ ਅਨੁਸਾਰ ਮੈਨੂੰ ਸੌਂਪਿਆ ਗਿਆ।
4ਅੱਗੇ ਜੋਗ ਤੀਤੁਸ ਨੂੰ ਜਿਹੜਾ ਨਿਹਚਾ ਦੀ ਸਾਂਝ ਵਿੱਚ ਮੇਰਾ ਸੱਚਾ ਬੱਚਾ ਹੈ ਪਿਤਾ ਪਰਮੇਸ਼ੁਰ ਅਤੇ ਸਾਡੇ ਮੁਕਤੀ ਦਾਤਾ ਮਸੀਹ ਯਿਸੂ ਦੀ ਵੱਲੋਂ ਤੈਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ।
5ਮੈਂ ਤੈਨੂੰ ਇਸ ਨਮਿੱਤ ਕਰੇਤ ਵਿੱਚ ਛੱਡਿਆ ਸੀ ਭਈ ਜਿਹੜੀਆਂ ਗੱਲਾਂ ਰਹਿ ਗਈਆਂ ਸਨ ਤੂੰ ਓਹਨਾਂ ਨੂੰ ਸੁਆਰੇਂ ਅਤੇ ਨਗਰ ਨਗਰ ਬਜ਼ੁਰਗ ਥਾਪ ਦੇਵੇਂ ਜਿਵੇਂ ਮੈਂ ਤੈਨੂੰ ਆਗਿਆ ਕੀਤੀ ਸੀ।
6ਜੇ ਕੋਈ ਨਿਰਦੋਸ਼ ਅਤੇ ਇੱਕੋ ਪਤਨੀ ਦਾ ਪਤੀ ਹੋਵੇ ਜਿਹ ਦੇ ਬਾਲਕ ਨਿਹਚਾਵਾਨ ਹੋਣ ਅਤੇ ਉਨ੍ਹਾਂ ਦੇ ਜੁੰਮੇ ਬਦਚਲਣੀ ਦਾ ਦੋਸ਼ ਨਾ ਹੋਵੇ ਅਤੇ ਨਾ ਓਹ ਢੀਠ ਹੋਣ।
7ਕਿਉਂਕਿ ਚਾਹੀਦਾ ਹੈ ਭਈ ਕਲੀਸਿਯਾ ਦਾ ਨਿਗਾਹਬਾਨ ਪਰਮੇਸ਼ੁਰ ਦਾ ਮੁਖ਼ਤਿਆਰ ਹੋ ਕੇ ਨਿਰਦੋਸ਼ ਹੋਵੇ, ਨਾ ਮਨ ਮਤੀਆ, ਨਾ ਕ੍ਰੋਧੀ, ਨਾ ਪਿਆਕੜ, ਨਾ ਮੁੱਕੇਬਾਜ਼, ਨਾ ਝੂਠੇ ਨਫ਼ੇ ਦਾ ਲੋਭੀ ਹੋਵੇ।
8ਸਗੋਂ ਪਰਾਹੁਣਚਾਰ, ਨੇਕੀ ਦਾ ਪ੍ਰੇਮੀ, ਸੁਰਤ ਵਾਲਾ, ਧਰਮੀ, ਪਵਿੱਤਰ, ਸੰਜਮੀ ਹੋਵੇ।
9ਅਤੇ ਨਿਹਚਾ ਜੋਗ ਬਚਨ ਨੂੰ ਜਿਹੜਾ ਇਸ ਸਿੱਖਿਆ ਦੇ ਅਨੁਸਾਰ ਹੈ ਫੜੀ ਰੱਖੇ ਭਈ ਉਹ ਖਰੀ ਸਿੱਖਿਆ ਨਾਲ ਉਪਦੇਸ਼ ਕਰੇ ਨਾਲੇ ਢੁੱਚਰ ਡਾਹੁਣ ਵਾਲਿਆਂ ਨੂੰ ਕਾਇਲ ਕਰ ਸੱਕੇ।
10ਬਾਹਲੇ ਢੀਠ, ਬਕਵਾਦੀ ਅਤੇ ਛਲੀਏ ਹਨ ਖਾਸ ਕਰਕੇ ਸੁੰਨਤੀਆਂ ਵਿੱਚੋਂ।
11ਜਿਨ੍ਹਾਂ ਦਾ ਮੂੰਹ ਬੰਦ ਕਰਨਾ ਚਾਹੀਦਾ ਹੈ। ਓਹ ਝੂਠੇ ਨਫ਼ੇ ਦੇ ਨਮਿੱਤ ਅਜੇਹੀ ਸਿੱਖਿਆ ਦੇ ਕੇ ਘਰਾਂ ਦੇ ਘਰ ਉਲਦ ਸੁੱਟਦੇ ਹਨ।
12ਕਿਸੇ ਨੇ ਉਨ੍ਹਾਂ ਵਿੱਚੋਂ ਜਿਹੜਾ ਉਨ੍ਹਾਂ ਦਾ ਹੀ ਨਬੀ ਸੀ ਆਖਿਆ ਭਈ ਕਰੇਤੀ ਸਦਾ ਝੂਠ ਮਾਰਨ ਵਾਲੇ ਅਤੇ ਬੁਰੇ ਦਰਿੰਦੇ ਅਤੇ ਆਲਸੀ ਪੇਟੂ ਹਨ।
13ਇਹ ਸਾਖੀ ਸਤ ਹੈ। ਏਸ ਲਈ ਤੂੰ ਉਨ੍ਹਾਂ ਨੂੰ ਕਰੜਾਈ ਨਾਲ ਝਿੜਕ ਦੇਈਂ ਭਈ ਓਹ ਨਿਹਚਾ ਵਿੱਚ ਪੱਕੇ ਹੋਣ।
14ਅਤੇ ਯਹੂਦੀਆਂ ਦੀਆਂ ਖਿਆਲੀ ਕਹਾਣੀਆਂ ਵੱਲ ਅਤੇ ਅਜੇਹੇ ਮਨੁੱਖਾਂ ਦੇ ਹੁਕਮਾਂ ਵੱਲ ਜਿਹੜੇ ਸਚਿਆਈ ਤੋਂ ਫਿਰ ਜਾਂਦੇ ਹਨ ਚਿੱਤ ਨਾ ਲਾਉਣ।
15ਸੁੱਚਿਆਂ ਲਈ ਸੱਭੋ ਕੁਝ ਸੁੱਚਾ ਹੈ ਪਰ ਭਰਿਸ਼ਟਾਂ ਅਤੇ ਬੇਪਰਤੀਤਿਆਂ ਲਈ ਕੁਝ ਵੀ ਸੁੱਚਾ ਨਹੀਂ ਸਗੋਂ ਉਨ੍ਹਾਂ ਦੀ ਬੁੱਧ ਅਤੇ ਅੰਤਹਕਰਨ ਭਰਿਸ਼ਟ ਹੋਏ ਹੋਏ ਹਨ।
16ਓਹ ਆਖਦੇ ਹਨ ਭਈ ਅਸੀਂ ਪਰਮੇਸ਼ੁਰ ਨੂੰ ਜਾਣਦੇ ਹਾਂ ਪਰ ਆਪਣੀਆਂ ਕਰਨੀਆਂ ਦੇ ਰਾਹੀਂ ਉਹ ਦਾ ਇਨਕਾਰ ਕਰਦੇ ਹਨ ਕਿਉਂ ਜੋ ਓਹ ਘਿਣਾਉਣੇ ਅਤੇ ਅਣਆਗਿਆਕਾਰ ਅਤੇ ਹਰੇਕ ਭਲੇ ਕੰਮ ਦੇ ਲਈ ਅਪਰਵਾਨ ਹਨ।