Loading Bible Translation
First-time download in progress. This may take a few seconds…
Punjabi Bible Wordproject Bible
25 verses
1ਬਾਦ ਵਿੱਚ ਫ਼ਲਿਸਤੀਆਂ ਨੇ ਇਸਰਾਏਲ ਦੇ ਵਿਰੁੱਧ ਲੜਾਈ ਕਰਨ ਲਈ ਆਪਣੀਆਂ ਫ਼ੌਜਾਂ ਇਕਠੀਆਂ ਕੀਤੀਆਂ। ਤਦ ਆਕੀਸ਼ ਨੇ ਦਾਊਦ ਨੂੰ ਕਿਹਾ, "ਕੀ ਤੂੰ ਇਸ ਗੱਲ ਨੂੰ ਸਮਝ ਰਿਹਾ ਹੈਂ ਕਿ ਤੈਨੂੰ ਅਤੇ ਤੇਰੇ ਸਾਥੀਆਂ ਨੂੰ ਮੇਰੇ ਨਾਲ ਇਸਰਾਏਲ ਦੇ ਖਿਲਾਫ਼ ਲੜਾਈ ਕਰਨ ਲਈ ਜਾਣਾ ਹੋਵੇਗਾ।"
2ਦਾਊਦ ਨੇ ਜਵਾਬ ਦਿੱਤਾ, "ਹਾਂ, ਬਿਲਕੁਲ! ਤਦ ਤੂੰ ਆਪੇ ਹੀ ਵੇਖ ਲਵੇਂਗਾ ਕਿ ਮੈਂ ਕੀ ਕਰਾਂਗਾ।"ਆਕੀਸ਼ ਨੇ ਕਿਹਾ, "ਠੀਕ ਹੈ! ਮੈਂ ਤੈਨੂੰ ਆਪਣਾ ਰਾਖਾ ਬਣਾਵਾਂਗਾ ਅਤੇ ਤੂੰ ਹਮੇਸ਼ਾ ਮੈਨੂੰ ਬਚਾਵੇਂਗਾ।"
3ਸਮੂਏਲ ਮਰ ਗਿਆ ਅਤੇ ਸਭ ਇਸਰਾਏਲੀਆਂ ਨੇ ਉਸਦੀ ਮੌਤ ਉੱਤੇ ਬੜਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਸਮੂਏਲ ਨੂੰ ਉਸਦੇ ਘਰ ਰਾਮਾਹ ਨਗਰ ਵਿੱਚ ਦਫ਼ਨਾਇਆ।ਪਹਿਲਾਂ ਸ਼ਾਊਲ ਨੇ ਭੂਤ ਮ੍ਰਿਤਾਂ ਅਤੇ ਭਵਿਖ ਦੱਸਣ ਵਾਲਿਆਂ ਨੂੰ ਇਸਰਾਏਲ ਵਿੱਚੋਂ ਕਢਿਆ ਸੀ।
4ਸੋ ਫ਼ਲਿਸਤੀ ਇਕਠੇ ਹੋਕੇ ਆਏ ਅਤੇ ਸ਼ੂਨੇਮ ਵਿੱਚ ਆਕੇ ਉਨ੍ਹਾਂ ਡੇਰੇ ਲਾਏ ਅਤੇ ਸ਼ਾਊਲ ਨੇ ਵੀ ਸਾਰੇ ਇਸਰਾਏਲੀਆਂ ਨੂੰ ਇਕਠਿਆਂ ਕੀਤਾ ਅਤੇ ਗਿਲਬੋਆ ਵਿੱਚ ਡੇਰੇ ਲਾ ਲਈ।
5ਸ਼ਾਊਲ ਨੇ ਜਦੋਂ ਫ਼ਲਿਸਤੀਆਂ ਦੀ ਫ਼ੌਜ ਵੇਖੀ ਤਾਂ ਉਹ ਡਰ ਨਾਲ ਕੰਬਣ ਲੱਗਾ।
6ਸ਼ਾਊਲ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, ਪਰ ਯਹੋਵਾਹ ਨੇ ਉਸਨੂੰ ਕੋਈ ਜਵਾਬ ਨਾ ਦਿੱਤਾ। ਪਰਮੇਸ਼ੁਰ ਨੇ ਸ਼ਾਊਲ ਨਾਲ ਸੁਪਨੇ ਵਿੱਚ ਗੱਲ ਨਾ ਕੀਤੀ ਅਤੇ ਨਾ ਉਸਨੇ ਹੀ ਊਰੀਮ ਜਾਂ ਨਬੀਆਂ ਨੂੰ ਉਸ ਨਾਲ ਗੱਲ ਕਰਨ ਲਈ ਵਰਤਿਆ।
7ਅਖੀਰ ਵਿੱਚ, ਸ਼ਾਊਲ ਨੇ ਆਪਣੇ ਅਫ਼ਸਰਾਂ ਨੂੰ ਕਿਹਾ, "ਇੱਕ ਔਰਤ ਲਭੋ ਜੋ ਭੂਤ ਮ੍ਰਿਤ ਹੋਵੇ ਤਦ ਮੈਂ ਉਸ ਕੋਲੋਂ ਪੁਛਾਂਗਾ ਕਿ ਇਸ ਜੰਗ ਵਿੱਚ ਕੀ ਹੋਵੇਗਾ?"ਉਸਦੇ ਅਫ਼ਸਰਾਂ ਨੇ ਜਵਾਬ ਦਿੱਤਾ, "ਅਜਿਹੀ ਇੱਕ ਔਰਤ ਏਨਦੋਰ ਵਿੱਚ ਹੈ!"
8ਸੋ ਸ਼ਾਊਲ ਨੇ ਆਪਣਾ ਭੇਸ ਵਟਾਕੇ ਹੋਰ ਕੱਪੜੇ ਪਾ ਲਈ ਅਤੇ ਉਥੇ ਗਿਆ। ਦੋ ਜਨੇ ਹੋਰ ਉਸਦੇ ਨਾਲ ਸਨ ਅਤੇ ਉਹ ਰਾਤ ਨੂੰ ਉਸ ਔਰਤ ਕੋਲ ਪਹੁੰਚਿਆ ਅਤੇ ਉਸਨੂੰ ਕਿਹਾ, "ਕਿਰਪਾ ਕਰਕੇ ਆਪਣੇ ਭੂਤ ਮ੍ਰਿਤ ਕੋਲੋਂ ਮੇਰੇ ਲਈ ਸਲਾਹ ਪੁਛ ਅਤੇ ਜਿਸਦਾ ਨਾਮ ਮੈਂ ਤੈਨੂੰ ਦੱਸਾਂ ਉਸਨੂੰ ਮੇਰੇ ਲਈ ਬੁਲਾ ਲਿਆਈਂ।"
9ਪਰ ਉਸ ਔਰਤ ਨੇ ਸ਼ਾਊਲ ਨੂੰ ਕਿਹਾ, "ਤੈਨੂੰ ਪਤਾ ਹੈ ਕਿਸ ਹਾਊਲ ਨੇ ਕੀ ਕੀਤਾ! ਉਸਨੇ ਸਾਰੇ ਭੂਤ ਮ੍ਰਿਤਾਂ ਅਤੇ ਜੋਤਸ਼ੀਆਂ ਨੂੰ ਇਸਰਾਏਲ ਦੀ ਧਰਤੀ ਤੋਂ ਬਾਹਰ ਕਢ ਮਾਰਿਆ। ਫ਼ਿਰ ਤੂੰ ਮੇਰੀ ਜਾਨ ਕਿਸ ਲਈ ਫ਼ਸਾਉਂਦਾ ਹੈ? ਤੂੰ ਮੈਨੂੰ ਵੀ ਮਰਵਾਉਣਾ ਚਾਹੁੰਦਾ ਹੈ?"
10ਤਦ ਸ਼ਾਊਲ ਨੇ ਯਹੋਵਾਹ ਦੀ ਸੌਂਹ ਚੁੱਕੇ ਆਖਿਆ, "ਮੈਨੂੰ ਜਿਉਂਦੇ ਯਹੋਵਾਹ ਦੀ ਸੌਂਹ ਕਿ ਇਸ ਗੱਲ ਦੀ ਤੈਨੂੰ ਕੋਈ ਸਜ਼ਾ ਨਾ ਮਿਲੇਗੀ।"
11ਔਰਤ ਨੇ ਪੁਛਿਆ, "ਮੈਂ ਤੇਰੇ ਲਈ ਕਿਸਨੂੰ ਮਂਗਾਵਾਂ?"ਸ਼ਾਊਲ ਨੇ ਕਿਹਾ, "ਸਮੂਏਲ ਨੂੰ ਬੁਲਾ।"
12ਅਤੇ ਇੰਝ ਹੋਇਆ ਕਿ ਜਿਸ ਵੇਲੇ ਉਸ ਔਰਤ ਨੇ ਸਮੂਏਲ ਨੂੰ ਵੇਖਿਆ ਤਾਂ ਉਸ ਜ਼ੋਰ ਦੀ ਚੀਕ ਮਾਰੀ ਅਤੇ ਉਸਨੇ ਸ਼ਾਊਲ ਨੂੰ ਆਖਿਆ, "ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ ਕਿਉਂਕਿ ਸ਼ਾਊਲ ਤਾਂ ਤੂੰ ਹੀ ਹੈਂ।"
13ਤਾਂ ਸ਼ਾਊਲ ਨੇ ਕਿਹਾ, "ਡਰ ਨਾ! ਤੂੰ ਦੱਸ ਕਿ ਤੂੰ ਵੇਖਿਆ?"ਉਸ ਔਰਤ ਨੇ ਕਿਹਾ, "ਮੈਂ ਇੱਕ ਆਤਮਾ ਧਰਤੀ ਤੋਂ ਉੱਪਰ ਉਠਦਾ ਵੇਖਿਆ।"
14ਸ਼ਾਊਲ ਨੇ ਪੁਛਿਆ, "ਉਹ ਕਿਵੇਂ ਦੀ ਲੱਗਦੀ ਸੀ?"ਉਸ ਔਰਤ ਨੇ ਜਵਾਬ 'ਚ ਕਿਹਾ, "ਉਹ ਇੱਕ ਬੁਢਾ ਆਦਮੀ ਖਾਸ ਕਿਸਮ ਦਾ ਚੋਲਾ ਪਾਇਆ ਲੱਗਦਾ ਸੀ।"ਤਦ ਸ਼ਾਊਲ ਜਾਣ ਗਿਆ ਕਿ ਇਹ ਸਮੂਏਲ ਹੀ ਸੀ। ਸ਼ਾਊਲ ਨੇ ਝੁਕਕੇ ਮਥਾ ਟੇਕਿਆ।
15ਸਮੂਏਲ ਨੇ ਸ਼ਾਊਲ ਨੂੰ ਕਿਹਾ, "ਤੂੰ ਮੈਨੂੰ ਕਿਉਂ ਤੰਗ ਕਰਦਾ ਹੈ, ਕਿਉਂ ਤੂੰ ਮੈਨੂੰ ਧਰਤੀ ਉੱਪਰ ਸਦਿਆ ਹੈ?"ਸ਼ਾਊਲ ਨੇ ਕਿਹਾ, "ਮੈਂ ਮੁਸੀਬਤ ਵਿੱਚ ਹਾਂ। ਫ਼ਲਿਸਤੀ ਮੇਰੇ ਵਿਰੁੱਧ ਲੜਨ ਆਏ ਹਨ ਅਤੇ ਪਰਮੇਸ਼ੁਰ ਨੇ ਮੈਨੂੰ ਤਿਆਗ ਦਿੱਤਾ ਹੈ, ਉਹ ਹੁਣ ਮੇਰੀ ਕਿਸੇ ਗੱਲ ਦਾ ਉੱਤਰ ਨਹੀਂ ਦਿੰਦਾ। ਹੁਣ ਉਹ ਨਬੀ ਵੀ ਨਹੀਂ ਘਲ੍ਲਦਾ ਅਤੇ ਮੇਰੇ ਸੁਪਨਿਆਂ 'ਚ ਵੀ ਗੱਲ ਨਹੀਂ ਕਰਦਾ। ਇਸੇ ਲਈ ਮੈਂ ਤੈਨੂੰ ਬੁਲਾਇਆ ਹੈ ਕਿ ਦੱਸ ਹੁਣ ਮੈਂ ਕੀ ਕਰਾਂ?"
16ਸਮੂਏਲ ਨੇ ਕਿਹਾ, "ਯਹੋਵਾਹ ਨੇ ਤੈਨੂੰ ਛੱਡ ਦਿੱਤਾ ਅਤੇ ਤੇਰਾ ਦੁਸ਼ਮਣ ਬਣ ਗਿਆ ਹੈ। ਸੋ ਫ਼ਿਰ ਤੂੰ ਮੈਨੂੰ ਕਿਉਂ ਤੰਗ ਕਰਦਾ ਹੈਂ?
17ਯਹੋਵਾਹ ਨੇ ਤਾਂ ਆਪਣੇ ਵੱਲੋਂ ਉਹੀ ਕੀਤਾ ਜੋ ਉਸਨੇ ਮੇਰੇ ਰਾਹੀਂ ਆਖਿਆ ਸੀ ਕਿ ਯਹੋਵਾਹ ਨੇ ਤੇਰੇ ਹਥੋਂ ਰਾਜ ਖੋਹ ਲਿਆ ਅਤੇ ਤੇਰੇ ਪੜੋਸੀ ਦਾਊਦ ਨੂੰ ਦੇ ਦਿੱਤਾ।
18ਉਹ ਇਸ ਲਈ ਕਿ ਤੂੰ ਯਹੋਵਾਹ ਦਾ ਬਚਨ ਨਾ ਮੰਨਿਆ ਅਤੇ ਤੂੰ ਅਮਾਲੇਕੀਆਂ ਦੇ ਨਾਲ ਉਸਦੇ ਕਰੋਧ ਦੀ ਅੱਗ ਮੁਤਾਬਕ ਬਦਲਾ ਨਾ ਲਿੱਤਾ, ਕੰਮ ਨਾ ਕੀਤਾ। ਇਸੇ ਕਰਕੇ ਅੱਜ ਯਹੋਵਾਹ ਨੇ ਤੇਰੇ ਨਾਲ ਅਜਿਹਾ ਕੀਤਾ।
19ਯਹੋਵਾਹ ਤੇਰੇ ਸਮੇਤ ਸਾਰੇ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥ ਵਿੱਚ ਕਰ ਦੇਵੇਗਾ ਅਤੇ ਕੱਲ ਤੂੰ ਤੇਰੇ ਪੁੱਤਰ ਮੇਰੇ ਕੋਲ ਹੋਣਗੇ ਅਤੇ ਇਸਰਾਏਲੀ ਦਲ ਨੂੰ ਵੀ ਯਹੋਵਾਹ ਫ਼ਲਿਸਤੀਆਂ ਦੇ ਹੱਥ ਵਿੱਚ ਕਰ ਦੇਵੇਗਾ।"
20ਤੱਦ ਸ਼ਾਊਲ ਉਸੇ ਵੇਲੇਦ ਹਰਤੀ ਉੱਪਰ ਲੰਮਾ ਹੋਕੇ ਡਿੱਗ ਪਿਆ ਅਤੇ ਸਮੂਏਲ ਦੀਆਂ ਗੱਲਾਂ ਨਾਲ ਬੜਾ ਡਰ ਗਿਆ ਅਤੇ ਉਸ ਵਿੱਚ ਕੁਝ ਸਾਹ ਸੱਤ ਨਾ ਬਚਿਆ ਕਿਉਂਕਿ ਉਸਨੇ ਉਸ ਸਾਰਾ ਦਿਨ ਅਤੇ ਰਾਤ ਰੋਟੀ ਨਹੀਂ ਖਾਧੀ ਸੀ।
21ਤੱਦ ਉਹ ਔਰਤ ਸ਼ਾਊਲ ਕੋਲ ਆਈ। ਉਸ ਵੇਖਿਆ ਕਿ ਸ਼ਾਊਲ ਤਾਂ ਸੱਚਮੁੱਚ ਬਹੁਤ ਡਰਿਆ ਹੋਇਆ ਹੈ ਤਾਂ ਉਸਨੇ ਕਿਹਾ, "ਵੇਖ! ਮੈਂ ਤੇਰੀ ਸੇਵਕ ਦਾਸੀ ਹਾਂ। ਮੈਂ ਤੇਰਾ ਹੁਕਮ ਮੰਨਿਆ। ਮੈਂ ਆਪਣੀ ਜਾਨ ਖਤਰੇ ਵਿੱਚ ਪਾਕੇ ਜੋ ਤੂੰ ਕਿਹਾ ਮੈਂ ਕੀਤਾ।
22ਹੁਣ ਕਿਰਪਾ ਕਰਕੇ ਮੇਰੀ ਗੱਲ ਧਿਆਨ ਨਾਲ ਸੁਣ, "ਹੁਣ ਮੈਂ ਤੈਨੂੰ ਕੁਝ ਰੋਟੀ ਦਿੰਦਾ ਹਾਂ ਤੂੰ ਖਾ ਲੈ, ਫ਼ਿਰ ਤੇਰੇ ਵਿੱਚ ਤਾਕਤ ਆ ਜਾਵੇਗੀ ਤਾਂ ਤੂੰ ਆਪਣੇ ਰਾਹ ਪੈ ਜਾਵੀਂ।"
23ਪਰ ਸ਼ਾਊਲ ਨੇ ਕੁਝ ਖਾਣ ਤੋਂ ਇਨਕਾਰ ਕਰ ਦਿੱਤਾ।ਸ਼ਾਊਲ ਦੇ ਅਫ਼ਸਰਾਂ ਨੇ ਵੀ ਉਸ ਔਰਤ ਨਾਲ ਮਿਲਕੇ ਉਸਨੂੰ ਖਾਣ ਲਈ ਬੇਨਤੀ ਕੀਤੀ। ਅਖੀਰ ਸ਼ਾਊਲ ਨੇ ਉਨ੍ਹਾਂ ਦਾ ਕਿਹਾ ਮੰਨ ਲਿਆ। ਉਹ ਭੁਂਜਿਓਁ ਉਠਕੇ ਮੰਜੇ ਉੱਤੇ ਬੈਠ ਗਿਆ।
24ਉਸ ਔਰਤ ਕੋਲ ਘਰ ਵਿੱਚ ਇੱਕ ਮੋਟਾ ਵਛਾ ਸੀ। ਉਸਨੇ ਫ਼ਟਾਫ਼ਟ ਉਸਨੂੰ ਵਢਿਆ। ਉਸਨੇ ਕੁਝ ਆਟਾ ਲੈਕੇ ਗੁਂਨ੍ਹਕੇ ਉਸਨੂੰ ਹੱਥਾਂ ਵਿੱਚ ਦਬਾਕੇ ਬਿਨਾ ਖਮੀਰ ਦੇ ਹੀ ਉਸ ਦੀਆਂ ਰੋਟੀਆਂ ਪਕਾਕੇ ਬਣਾਈਆਂ।
25ਉਸ ਔਰਤ ਨੇ ਸ਼ਾਊਲ ਅਤੇ ਉਸਦੇ ਅਫ਼ਸਰਾਂ ਅੱਗੇ ਖਾਣਾ ਪਰੋਸਿਆ। ਉਨ੍ਹਾਂ ਸਭਨਾਂ ਨੇ ਭੋਜਨ ਕੀਤਾ ਅਤੇ ਅਗਲੀ ਸਵੇਰ ਉਹ ਉਠੇ ਅਤੇ ਉਥੋਂ ਚਲੇ ਗਏ।