Loading Bible Translation
First-time download in progress. This may take a few seconds…
Punjabi Bible Wordproject Bible
32 verses
1ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ ਅਤੇ ਉਸ ਦੀ ਆਗਿਆਂ, ਬਿਧੀਆਂ, ਕਨੂਨਾਂ ਅਤੇ ਹੁਕਮਾਂ ਦੀ ਸਦਾ ਲਈ ਪਾਲਨਾ ਕਰੋ।
2ਅੱਜ ਤੁਸੀਂ ਜਾਣ ਲਓ ਕਿ ਮੈਂ ਤੁਹਾਡੇ ਪੁੱਤ੍ਰਾਂ ਨਾਲ ਨਹੀਂ ਬੋਲਦਾ ਜਿਨ੍ਹਾਂ ਨੇ ਨਹੀਂ ਸਿਆਣਿਆ ਅਤੇ ਨਾ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਤਾੜ, ਉਸ ਦੀ ਮਹਾਨਤਾ, ਉਸ ਦਾ ਸ਼ਕਤੀ ਵਾਲਾ ਹੱਥ ਅਤੇ ਉਸ ਦੀ ਲੰਮੀ ਬਾਂਹ ਨੂੰ ਵੇਖਿਆ।
3ਨਾਲੇ ਉਸ ਦੇ ਨਿਸ਼ਾਨ, ਉਸ ਦੇ ਕੰਮ ਜਿਹੜੇ ਉਸ ਨੇ ਮਿਸਰ ਵਿੱਚ ਮਿਸਰ ਦੇ ਰਾਜੇ ਫ਼ਿਰਊਨ ਅਤੇ ਉਹ ਦੇ ਦੇਸ ਨਾਲ ਕੀਤੇ।
4ਨਾਲੇ ਜੋ ਕੁਝ ਉਸ ਨੇ ਮਿਸਰ ਦੀ ਫ਼ੌਜ, ਉਨ੍ਹਾਂ ਦੇ ਘੋੜਿਆਂ ਅਤੇ ਉਨ੍ਹਾਂ ਦੇ ਰਥਾਂ ਨਾਲ ਕੀਤਾ ਜਦ ਉਸ ਨੇ ਲਾਲ ਸਮੁੰਦਰ ਦਾ ਪਾਣੀ ਉਨ੍ਹਾਂ ਦੇ ਉੱਤੋਂ ਦੀ ਵਗਾਇਆ ਜਦ ਓਹ ਤੁਹਾਡੇ ਪਿੱਛੇ ਲੱਗੇ ਆਉਂਦੇ ਸਨ ਅਤੇ ਯਹੋਵਾਹ ਨੇ ਕਿਵੇਂ ਉਨ੍ਹਾਂ ਦਾ ਨਾਸ ਅੱਜ ਤੀਕ ਕੀਤਾ।
5ਨਾਲੇ ਜੋ ਕੁਝ ਉਸ ਤੁਹਾਡੇ ਨਾਲ ਉਜਾੜ ਵਿੱਚ ਕੀਤਾ ਜਦ ਤਕ ਤੁਸੀਂ ਏਸ ਥਾਂ ਤੀਕ ਨਾ ਆਏ।
6ਅਤੇ ਜੋ ਕੁਝ ਉਸ ਨੇ ਦਾਥਾਨ ਅਤੇ ਅਬੀਰਾਮ ਰਊਬੇਨੀ ਅਲੀਆਬ ਦੇ ਪੁੱਤ੍ਰਾਂ ਨਾਲ ਕੀਤਾ ਜਦ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਨ੍ਹਾਂ ਨੂੰ, ਉਨ੍ਹਾਂ ਦੇ ਘਰਾਣਿਆਂ ਨੂੰ, ਉਨ੍ਹਾਂ ਦੇ ਤੰਬੂਆਂ ਅਤੇ ਉਨ੍ਹਾਂ ਦੇ ਸਾਰੇ ਜੀਅ ਜੰਤਾਂ ਨੂੰ ਜਿਹੜੇ ਉਨ੍ਹਾਂ ਦੀ ਪੈਰਵਈ ਕਰਦੇ ਸਨ ਸਾਰੇ ਇਸਰਾਏਲੀਆਂ ਦੇ ਵਿੱਚੋਂ ਭੱਖ ਲਿਆ।
7ਪਰੰਤੂ ਤੁਹਾਡੀਆਂ ਹੀ ਅੱਖਾਂ ਨੇ ਯਹੋਵਾਹ ਦਾ ਸਾਰਾ ਵੱਡਾ ਕੰਮ ਜੋ ਉਸ ਕੀਤਾ ਵੇਖਿਆ ਹੈ।
8ਏਸ ਲਈ ਤੁਸੀਂ ਉਹ ਸਾਰਾ ਹੁਕਮਨਾਮਾ ਜਿਹੜਾ ਮੈਂ ਤੁਹਾਨੂੰ ਅੱਜ ਦਿੰਦਾ ਹਾਂ ਮੰਨੋ ਤਾਂ ਜੋ ਤੁਸੀਂ ਤਕੜੇ ਰਹੋ ਅਤੇ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰ ਲਓ ਜਿੱਥੇ ਤੁਸੀਂ ਕਬਜ਼ਾ ਕਰਨ ਲਈ ਪਾਰ ਲੰਘਣ ਵਾਲੇ ਹੋ।
9ਤਾਂ ਜੋ ਤੁਸੀਂ ਉਸ ਭੂਮੀ ਉੱਤੇ ਆਪਣੇ ਦਿਨ ਲੰਮੇ ਕਰੋ ਜਿਹ ਦੀ ਯਹੋਵਾਹ ਨੇ ਤੁਹਾਡੇ ਪਿਓ ਦਾਦਿਆਂ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਅੰਸ ਨੂੰ ਦੇਣ ਦੀ ਸੌਂਹ ਖਾਧੀ ਸੀ ਜਿਹੜੀ ਧਰਤੀ ਵਿੱਚ ਦੁੱਧ ਅਤੇ ਸ਼ਹਿਤ ਵਗਦਾ ਹੈ।
10ਕਿਉਂ ਜੋ ਉਹ ਧਰਤੀ ਜਿੱਥੇ ਤੁਸੀਂ ਕਬਜ਼ਾ ਕਰਨ ਲਈ ਜਾਂਦੇ ਹੋ ਮਿਸਰ ਦੇਸ ਵਰਗੀ ਨਹੀਂ ਜਿੱਥੋਂ ਤੁਸੀਂ ਨਿੱਕਲੇ ਹੋ ਜਿੱਥੇ ਤੁਸੀਂ ਆਪਣਾ ਬੀ ਬੀਜਦੇ ਸਾਓ ਅਤੇ ਤੁਸੀਂ ਆਪਣੇ ਪੈਰ ਨਾਲ ਪਾਣੀ ਦਿੰਦੇ ਸਾਓ ਜਿਵੇਂ ਸਾਗ ਪੱਤ ਦੀ ਕਿਆਰੀ ਨੂੰ।
11ਜਿਹੜੀ ਧਰਤੀ ਉੱਤੇ ਕਬਜ਼ਾ ਕਰਨ ਨੂੰ ਤੁਸੀਂ ਪਾਰ ਲੰਘਦੇ ਹੋ ਪਹਾੜਾਂ ਤੇ ਦੂਣਾਂ ਦਾ ਦੇਸ ਹੈ ਅਤੇ ਉਹ ਅਕਾਸ਼ ਦੀ ਵਰਖਾ ਦਾ ਪਾਣੀ ਪੀਂਦੀ ਹੈ।
12ਉਹ ਇੱਕ ਧਰਤੀ ਹੈ ਜਿਹ ਦਾ ਯਹੋਵਾਹ ਤੁਹਾਡਾ ਪਰਮੇਸ਼ੁਰ ਧਿਆਨ ਰੱਖਦਾ ਹੈ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਨਿਗਾਹ ਉਸ ਉੱਤੇ ਵਰਹੇ ਦੇ ਅਰੰਭ ਤੋਂ ਵਰਹੇ ਦੇ ਅੰਤ ਤੀਕ ਲੱਗੀ ਰਹਿੰਦੀ ਹੈ।
13ਐਉਂ ਹੋਵੇਗਾ ਕਿ ਜੇ ਤੁਸੀਂ ਮਨ ਲਾ ਕੇ ਮੇਰੇ ਹੁਕਮਾਂ ਨੂੰ ਸੁਣੋਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਅਰਥਾਤ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖਣਾ ਅਤੇ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਉਸ ਦੀ ਉਪਾਸਨਾ ਕਰਨੀ।
14ਤਾਂ ਮੈਂ ਤੁਹਾਡੀ ਧਰਤੀ ਉੱਤੇ ਵੇਲੇ ਸਿਰ ਵਰਖਾ ਵਰ੍ਹਾਵਾਂਗਾ ਅਰਥਾਤ ਪਹਿਲੀ ਅਤੇ ਆਖਰੀ ਵਰਖਾ ਤਾਂ ਤੁਸੀਂ ਆਪਣਾ ਅੰਨ, ਨਵੀਂ ਮੈ ਅਤੇ ਤੇਲ ਇਕੱਠਾ ਕਰੋਗੇ।
15ਅਤੇ ਮੈਂ ਤੁਹਾਡੇ ਖੇਤਾਂ ਵਿੱਚ ਤੁਹਾਡੇ ਡੰਗਰਾਂ ਲਈ ਘਾਹ ਦੇਵਾਂਗਾ ਅਤੇ ਤੁਸੀਂ ਰੱਜ ਕੇ ਖਾਓਗੇ।
16ਚੌਕਸ ਰਹੋ ਮਤੇ ਤੁਹਾਡੇ ਮਨ ਵਿੱਚ ਭੁਲੇਖਾ ਲੱਗ ਜਾਵੇ ਅਤੇ ਤੁਸੀਂ ਕੁਰਾਹੇ ਪੈ ਕੇ ਦੂਜੇ ਦੇਵਤਿਆਂ ਦੀ ਪੂਜਾ ਕਰੋ ਅਤੇ ਓਹਨਾਂ ਦੇ ਅੱਗੇ ਮੱਥਾ ਟੇਕੋ।
17ਤਾਂ ਯਹੋਵਾਹ ਦਾ ਕ੍ਰੋਧ ਤੁਹਾਡੇ ਉੱਤੇ ਭੜਕ ਉੱਠੇ ਅਤੇ ਉਹ ਅਕਾਸ਼ ਨੂੰ ਅਜਿਹਾ ਬੰਦ ਕਰੇ ਕੇ ਵਰਖਾ ਨਾ ਹੋਵੇ ਅਤੇ ਜ਼ਮੀਨ ਆਪਣਾ ਹਾਸਲ ਨਾ ਦੇਵੇ, ਸੋ ਤੁਸੀਂ ਛੇਤੀ ਨਾਲ ਉਸ ਚੰਗੀ ਧਰਤੀ ਉੱਤੋਂ ਜਿਹੜੀ ਯਹੋਵਾਹ ਤੁਹਾਨੂੰ ਦਿੰਦਾ ਹੈ ਨਾਸ ਹੋ ਜਾਓਗੇ।
18ਤੁਸੀਂ ਮੇਰੀਆਂ ਇਨ੍ਹਾਂ ਗੱਲਾ ਨੂੰ ਦਿਲਾਂ ਅਤੇ ਜਾਨਾਂ ਵਿੱਚ ਰੱਖਣਾ ਅਤੇ ਓਹਨਾਂ ਨੂੰ ਤੁਸਾਂ ਨਿਸ਼ਾਨ ਲਈ ਆਪਣੇ ਹੱਥ ਉੱਤੇ ਬੰਨ੍ਹਣਾ ਅਤੇ ਓਹ ਤੁਹਾਡੀਆਂ ਅੱਖਾਂ ਦੇ ਵਿਚਕਾਰ ਤਵੀਤ ਵਾਂਙੁ ਹੋਣ।
19ਤੁਸੀਂ ਆਪਣੇ ਘਰ ਬੈਠੇ, ਰਾਹ ਚੱਲਦੇ, ਲੰਮੇ ਪਏ ਅਤੇ ਉੱਠਦੇ ਹੋਏ ਇਨ੍ਹਾਂ ਗੱਲਾਂ ਦਾ ਆਪਣੇ ਬੱਚਿਆਂ ਨਾਲ ਚਰਚਾ ਕਰ ਕੇ ਸਿਖਾਓ।
20ਤੁਸੀਂ ਏਹਨਾਂ ਨੂੰ ਆਪਣੇ ਘਰਾਂ ਦੀਆਂ ਚੁਗਾਠਾਂ ਉੱਤੇ ਅਤੇ ਆਪਣੇ ਫਾਟਕਾਂ ਉੱਤੇ ਲਿਖਿਓ।
21ਤਾਂ ਜੋ ਜਿਵੇਂ ਧਰਤੀ ਉੱਤੇ ਅਕਾਸ਼ ਦੇ ਦਿਨ ਹਨ ਤੁਹਾਡੇ ਦਿਨ ਅਤੇ ਤੁਹਾਡੇ ਬੱਚਿਆਂ ਦੇ ਦਿਨ ਉਸ ਭੂਮੀ ਉੱਤੇ ਵਧ ਜਾਣ ਜਿਹੜੀ ਯਹੋਵਾਹ ਨੇ ਤੁਹਾਡੇ ਪਿਉ ਦਾਦਿਆਂ ਨੂੰ ਦੇਣ ਦੀ ਸੌਂਹ ਖਾਧੀ ਸੀ।
22ਜੇ ਤੁਸੀਂ ਉਸ ਸਾਰੇ ਹੁਕਮਨਾਮੇ ਦੀ ਜਿਹੜਾ ਮੈਂ ਤੁਹਾਨੂੰ ਦਿੰਦਾ ਹਾਂ ਮਨ ਲਾ ਕੇ ਪਾਲਨਾ ਕਰੋਗੇ ਅਤੇ ਉਸ ਨੂੰ ਪੂਰਾ ਕਰੋਗੇ ਅਰਥਾਤ ਯਹੋਵਾਹ ਆਪਣੇ ਪਰਮੇਸ਼ਰ ਨਾਲ ਪ੍ਰੇਮ ਰੱਖਣਾ ਅਤੇ ਉਸ ਦਿਆਂ ਸਾਰਿਆਂ ਰਾਹਾਂ ਉੱਤੇ ਚੱਲਣਾ ਅਤੇ ਉਸ ਦੇ ਨਾਲ ਲੱਗੇ ਰਹਿਣਾ।
23ਤਾਂ ਯਹੋਵਾਹ ਇਨ੍ਹਾਂ ਸਾਰੀਆਂ ਕੌਮਾਂ ਨੂੰ ਤੁਹਾਡੇ ਅੱਗੋਂ ਕੱਢ ਦੇਵੇਗਾ ਅਤੇ ਤੁਸੀਂ ਕੌਮਾਂ ਉੱਤੇ ਜਿਹੜੀਆਂ ਤੁਹਾਥੋਂ ਵੱਡੀਆਂ ਅਤੇ ਬਲਵੰਤ ਹਨ ਕਾਬੂ ਪਾ ਲਓਗੇ।
24ਹਰ ਥਾਂ ਜਿਸ ਨੂੰ ਤੁਹਾਡੇ ਪੈਰਾਂ ਦੇ ਤਲੇ ਮਿੱਧਣਗੇ ਤੁਹਾਡਾ ਹੋਵੇਗਾ ਅਰਥਾਤ ਉਜਾੜ, ਲਬਾਨੋਨ ਅਤੇ ਦਰਿਆਂ ਫ਼ਰਾਤ ਤੋਂ ਪੱਛਮ ਦੇ ਸਮੁੰਦਰ ਤੀਕ ਤੁਹਾਡੀਆਂ ਹੱਦਾਂ ਹੋਣਗੀਆਂ।
25ਕੋਈ ਮਨੁੱਖ ਤੁਹਾਡੇ ਅੱਗੇ ਠਹਿਰ ਨਾ ਸੱਕੇਗਾ। ਜਿਵੇਂ ਉਸ ਤੁਹਾਡੇ ਨਾਲ ਬਚਨ ਕੀਤਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡਾ ਦਬਕਾ ਅਤੇ ਤੁਹਾਡਾ ਭੈ ਸਾਰੀ ਧਰਤੀ ਉੱਤੇ ਜਿੱਥੋਂ ਦੀ ਤੁਸੀਂ ਤੁਰੋਗੇ ਪਾ ਦੇਵੇਗਾ।
26ਵੇਖੋ, ਮੈਂ ਅੱਜ ਤੁਹਾਡੇ ਅੱਗੇ ਬਰਕਤ ਅਤੇ ਸਰਾਪ ਰੱਖਦਾ ਹਾਂ।
27ਬਰਕਤ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਸੁਣੋਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ।
28ਸਰਾਪ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਨਾ ਸੁਣੋ ਪਰ ਉਸ ਮਾਰਗ ਤੋਂ ਕੁਰਾਹੇ ਪੈ ਜਾਓ ਜਿਹ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਅਤੇ ਤੁਸੀਂ ਹੋਰਨਾਂ ਦੇਵਤਿਆਂ ਦੇ ਪਿੱਛੇ ਲੱਗੋ ਜਿਨ੍ਹਾਂ ਨੂੰ ਤੁਸਾਂ ਨਹੀ ਜਾਣਿਆ।
29ਐਉਂ ਹੋਵੇਗਾ ਕਿ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸ ਧਰਤੀ ਵਿੱਚ ਲੈ ਆਵੇਗਾ ਜਿੱਥੇ ਤੁਸੀਂ ਕਬਜ਼ਾ ਕਰਨ ਲਈ ਜਾ ਰਹੇ ਹੋ ਤਾਂ ਤੁਸੀਂ ਬਰਕਤ ਗਰਿੱਜ਼ੀਮ ਪਹਾੜ ਉੱਤੋਂ ਅਤੇ ਸਰਾਪ ਏਬਾਲ ਪਹਾੜ ਉੱਤੋਂ ਦੇਇਓ।
30ਕੀ ਏਹ ਯਰਦਨ ਪਾਰ ਉਸ ਰਾਹ ਦੇ ਪਛਾੜੀ ਨਹੀਂ ਹਨ ਜਿੱਥੇ ਸੂਰਜ ਡੁੱਬਦਾ ਹੈ ਅਤੇ ਕਨਾਨੀਆਂ ਦੇ ਦੇਸ ਵਿੱਚ ਜਿਹੜੇ ਅਰਾਬਾਹ ਵਿੱਚ ਗਿਲਗਾਲ ਦੇ ਅੱਗੇ ਮੋਰਹ ਦੇ ਬਲੂਤਾਂ ਕੋਲ ਵੱਸਦੇ ਹਨ?
31ਕਿਉਂ ਜੋ ਤੁਸੀਂ ਯਰਦਨ ਪਾਰ ਲੰਘਣ ਵਾਲੇ ਹੋ ਤਾਂ ਜੋ ਤੁਸੀਂ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰੋ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ। ਤੁਸੀਂ ਉਸ ਉੱਤੇ ਕਬਜ਼ਾ ਕਰੋਗੇ ਅਤੇ ਉਸ ਵਿੱਚ ਵੱਸੋਗੇ।
32ਤੁਸੀਂ ਸਾਰੀਆਂ ਬਿਧੀਆਂ ਅਤੇ ਕਨੂਨਾਂ ਨੂੰ ਪੂਰਾ ਕਰਨ ਲਈ ਮੰਨੋ ਜਿਹੜੇ ਮੈਂ ਅੱਜ ਤੁਹਾਡੇ ਅੱਗੇ ਰੱਖਦਾ ਹਾਂ।