Loading Bible Translation
First-time download in progress. This may take a few seconds…
Punjabi Bible Wordproject Bible
32 verses
1ਏਹ ਓਹ ਬਿਧੀਆਂ ਅਤੇ ਕਨੂਨ ਹਨ ਜਿਨ੍ਹਾਂ ਨੂੰ ਤੁਸਾਂ ਆਪਣੇ ਸਾਰੇ ਦਿਨ ਜਿੰਨਾ ਚਿਰ ਤੁਸੀਂ ਜੀਉਂਦੇ ਰਹੋਗੇ ਉਸ ਧਰਤੀ ਵਿੱਚ ਪੂਰਾ ਕਰਨਾ ਹੈ ਜਿਹੜੀ ਯਹੋਵਾਹ ਤੁਹਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ ਨੇ ਤੁਹਾਨੂੰ ਕਬਜ਼ਾ ਕਰਨ ਲਈ ਦਿੱਤੀ ਹੈ।
2ਉਨ੍ਹਾਂ ਸਾਰੇ ਅਸਥਾਨਾਂ ਦਾ ਜਿੱਥੇ ਪਰਾਈਆਂ ਕੌਮਾਂ ਜਿਨ੍ਹਾਂ ਨੂੰ ਤੁਸਾਂ ਕੱਢਣਾ ਹੈ ਆਪਣੇ ਦੇਵਤਿਆਂ ਦੀ ਉੱਚੇ ਪਹਾੜਾਂ ਉੱਤੇ ਅਤੇ ਟਿੱਲਿਆਂ ਉੱਤੇ ਅਤੇ ਹਰ ਹਰੇ ਰੁੱਖ ਹੇਠ ਪੂਜਾ ਕਰਦੀਆਂ ਹਨ ਤੁਸਾਂ ਉੱਕਾ ਹੀ ਕੱਖ ਨਾ ਰਹਿਣ ਦੇਣਾ।
3ਓਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਸੁੱਟਣਾ ਅਤੇ ਓਹਨਾਂ ਦੇ ਥੰਮ੍ਹਾਂ ਨੂੰ ਚੂਰ ਚੂਰ ਕਰ ਦੇਣਾ ਅਤੇ ਓਹਨਾਂ ਦੇ ਟੁੰਡਾਂ ਨੂੰ ਅੱਗ ਵਿੱਚ ਸਾੜ ਸੁੱਟਣਾ ਅਤੇ ਓਹਨਾਂ ਦੇ ਦੇਵਤਿਆਂ ਦੀਆਂ ਉੱਕਰੀਆਂ ਹੋਈਆਂ ਮੂਰਤਾਂ ਨੂੰ ਤੋੜ ਫੋੜ ਸੁੱਟਣਾ ਅਤੇ ਓਹਨਾਂ ਦਾ ਨਾਉਂ ਉਸ ਥਾਂ ਉੱਤੋਂ ਮਿਟਾ ਦੇਣਾ।
4ਇਉਂ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਨਾ ਕਰਿਓ।
5ਪਰ ਉਸ ਅਸਥਾਨ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡਿਆਂ ਸਾਰਿਆਂ ਗੋਤਾਂ ਵਿੱਚੋਂ ਚੁਣੇਗਾ ਕਿ ਉਹ ਉੱਥੇ ਆਪਣਾ ਨਾਮ ਰਖੇ ਅਰਥਾਤ ਉਸ ਦਾ ਡੇਹਰਾ ਤੁਸੀਂ ਲੱਭਿਓ ਅਤੇ ਉੱਥੇ ਜਾਇਆ ਕਰੋ।
6ਉੱਥੇ ਤੁਸੀਂ ਆਪਣੀਆਂ ਹੋਮ ਦੀਆਂ ਭੇਟਾਂ, ਆਪਣੀਆਂ ਬਲੀਆਂ, ਆਪਣੇ ਦਸਵੰਧ, ਆਪਣੇ ਹੱਥ ਦੀਆਂ ਚੁੱਕਣ ਦੀਆਂ ਭੇਟਾਂ, ਆਪਣੀਆਂ ਸੁੱਖਨਾਂ, ਆਪਣੀਆਂ ਖੁਸ਼ੀ ਦੀਆਂ ਭੇਟਾਂ, ਆਪਣੇ ਚੌਣਿਆਂ ਅਤੇ ਆਪਣੇ ਇੱਜੜਾਂ ਦੇ ਪਲੋਠੇ ਲੈ ਜਾਇਆ ਕਰੋ।
7ਅਤੇ ਤੁਸੀਂ ਉੱਥੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਖਾਇਓ ਅਤੇ ਆਪਣੇ ਹੱਥਾਂ ਦੇ ਹਰ ਕੰਮ ਉੱਤੇ ਤੁਸੀਂ ਅਤੇ ਤੁਹਾਡੇ ਘਰਾਣੇ ਜਿਨ੍ਹਾਂ ਦੇ ਕਾਰਨ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਬਰਕਤ ਦਿੱਤੀ ਹੈ ਖੁਸ਼ੀ ਮਨਾਇਓ।
8ਤੁਸੀਂ ਕੋਈ ਅਜੇਹਾ ਕੰਮ ਨਾ ਕਰਿਓ ਜਿਵੇਂ ਅੱਜ ਅਸੀਂ ਏਥੇ ਕਰਦੇ ਹਾਂ। ਏਥੇ ਹਰ ਮਨੁੱਖ ਜੋ ਉਸ ਦੀ ਨਿਗਾਹ ਵਿੱਚ ਭਲਾ ਹੈ ਉਹੀ ਕਰਦਾ ਹੈ।
9ਕਿਉਂ ਜੋ ਤੁਸੀਂ ਹੁਣ ਤੀਕ ਉਸ ਅਰਾਮ ਵਿੱਚ ਅਤੇ ਉਸ ਮਿਲਖ ਵਿੱਚ ਨਹੀਂ ਅੱਪੜੇ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ।
10ਜਦ ਤੁਸੀਂ ਯਰਦਨ ਪਾਰ ਲੰਘੋ ਅਤੇ ਉਸ ਧਰਤੀ ਵਿੱਚ ਵੱਸ ਜਾਓ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਲਖ ਲਈ ਦਿੰਦਾ ਹੈ ਅਤੇ ਉਹ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੇ ਸਾਰੇ ਵੈਰੀਆਂ ਤੋਂ ਅਰਾਮ ਦੇਵੇ ਅਤੇ ਤੁਸੀਂ ਅਮਨ ਨਾਲ ਵੱਸ ਜਾਓ।
11ਤਾਂ ਐਉਂ ਹੋਵੇਗਾ ਕਿ ਤੁਸੀਂ ਉਸ ਅਸਥਾਨ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ ਭਈ ਆਪਣਾ ਨਾਮ ਉੱਥੇ ਰੱਖੇ ਤੁਸੀਂ ਜੋ ਕੁਝ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਲਿਆਇਆ ਕਰਿਓ ਅਰਥਾਤ ਆਪਣੀਆਂ ਹੋਮ ਦੀਆਂ ਭੇਟਾਂ, ਆਪਣੀਆਂ ਬਲੀਆਂ, ਆਪਣੇ ਦਸਵੰਧ, ਆਪਣੇ ਹੱਥ ਦੀਆਂ ਚੁੱਕਣ ਦੀਆਂ ਭੇਟਾਂ ਅਤੇ ਆਪਣੀਆਂ ਸਾਰੀਆਂ ਮਨ ਭਾਉਂਦੀਆਂ ਸੁੱਖਨਾਂ ਜਿਹੜੀਆਂ ਤੁਸਾਂ ਯਹੋਵਾਹ ਲਈ ਸੁੱਖੀਆਂ ਹਨ।
12ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਅਨੰਦ ਕਰਿਓ, ਤੁਸੀਂ, ਤੁਹ���ਡੇ ਪੁੱਤ੍ਰ, ਤੁਹਾਡੀਆਂ ਧੀਆਂ, ਤੁਹਾਡੇ ਗੋੱਲੇ, ਤੁਹਾਡੀਆਂ ਗੋੱਲੀਆਂ ਅਤੇ ਉਹ ਲੇਵੀ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੈ ਕਿਉਂ ਜੋ ਉਸ ਦਾ ਤੁਹਾਡੇ ਨਾਲ ਕੋਈ ਭਾਗ ਅਤੇ ਕੋਈ ਮਿਲਖ ਨਹੀਂ।
13ਖ਼ਬਰਦਾਰ ਰਹੋ, ਤੁਸੀਂ ਆਪਣੀਆਂ ਹੋਮ ਦੀਆਂ ਬਲੀਆਂ ਜਿੱਥੇ ਕਿਤੇ ਤੁਹਾਡੀ ਨਿਗਾਹ ਜਾਵੇ ਨਾ ਚੜ੍ਹਾਇਓ।
14ਪਰ ਉਸ ਅਸਥਾਨ ਉੱਤੇ ਜਿਹੜਾ ਯਹੋਵਾਹ ਤੁਹਾਡੇ ਕਿਸੇ ਗੋਤ ਵਿੱਚ ਚੁਣੇ ਉੱਥੇ ਤੁਸੀਂ ਆਪਣੀਆਂ ਹੋਮ ਦੀਆਂ ਬਲੀਆਂ ਚੜ੍ਹਾਇਓ ਅਤੇ ਉੱਥੇ ਤੁਸੀਂ ਜੋ ਕੁਝ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਰਿਓ।
15ਤਾਂ ਵੀ ਆਪਣੇ ਮਨ ਦੀ ਪੂਰੀ ਇੱਛਾ ਅਨੁਸਾਰ ਤੁਸੀਂ ਕੱਟ ਕੇ ਮਾਸ ਆਪਣੇ ਫਾਟਕਾਂ ਦੇ ਅੰਦਰ ਯਹੋਵਾਹ ਆਪਣੇ ਪਰਮੇਸ਼ੁਰ ਦੀ ਬਰਕਤ ਅਨੁਸਾਰ ਜਿਹੜੀ ਉਸ ਨੇ ਤੁਹਾਨੂੰ ਦਿੱਤੀ ਖਾਇਓ। ਸ਼ੁੱਧ ਅਤੇ ਅਸ਼ੁੱਧ ਉਸ ਨੂੰ ਖਾਣ ਜਿਵੇਂ ਚਿਕਾਰੇ ਅਤੇ ਹਿਰਨ ਨੂੰ ਖਾਂਦੇ ਹਨ।
16ਕੇਵਲ ਲਹੂ ਤੁਸਾਂ ਨਾ ਖਾਣਾ। ਤੁਸੀਂ ਉਸ ਨੂੰ ਪਾਣੀ ਵਾਂਙੁ ਭੂਮੀ ਉੱਤੇ ਡੋਹਲ ਦੇਣਾ।
17ਪਰ ਤੁਸਾਂ ਆਪਣੇ ਅੰਨ, ਆਪਣੀ ਨਵੀਂ ਮੈ, ਆਪਣੇ ਤੇਲ ਦਾ ਦਸਵੰਧ, ਆਪਣੇ ਇੱਜੜ ਅਤੇ ਆਪਣੇ ਚੌਣੇ ਦੇ ਪਲੋਠੇ, ਆਪਣੇ ਫਾਟਕਾਂ ਦੇ ਅੰਦਰ ਕਦਾ ਚਿਤ ਨਾ ਖਾਣਾ, ਨਾ ਆਪਣੀਆਂ ਸਾਰੀਆਂ ਸੁੱਖਨਾਂ, ਨਾ ਆਪਣੀਆਂ ਖੁਸ਼ੀ ਦੀਆਂ ਭੇਟਾਂ, ਨਾ ਆਪਣੇ ਹੱਥ ਦੀਆਂ ਚੁੱਕਣ ਦੀਆਂ ਭੇਟਾਂ।
18ਪਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਉਸ ਅਸਥਾਨ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ ਉਨ੍ਹਾਂ ਨੂੰ ਖਾਇਓ, ਤੁਸੀਂ, ਤੁਹਾਡੇ ਪੁੱਤ੍ਰ, ਤੁਹਾਡੀਆਂ ਧੀਆਂ, ਤੁਹਾਡੇ ਗੋੱਲੇ, ਤੁਹਾਡੀਆਂ ਗੋੱਲੀਆਂ ਅਤੇ ਉਹ ਲੇਵੀ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੈ ਅਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਆਪਣੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਅਨੰਦ ਕਰਿਓ।
19ਖਬਰਦਾਰ ਰਹੋ ਕਿ ਜਦ ਤੀਕ ਤੁਸੀਂ ਆਪਣੀ ਭੂਮੀ ਉੱਤੇ ਹੋ ਤੁਸੀਂ ਲੇਵੀ ਨੂੰ ਕਦੀ ਨਾ ਭੁੱਲਿਓ।
20ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੀਆਂ ਹੱਦਾਂ ਨੂੰ ਵਧਾ ਦੇਵੇਗਾ ਜਿਵੇਂ ਉਸ ਤੁਹਾਡੇ ਨਾਲ ਬਚਨ ਕੀਤਾ ਅਤੇ ਤੁਸੀਂ ਆਖੋਗੇ ਕਿ ਅਸੀਂ ਮਾਸ ਖਾਈਏ ਕਿਉਂ ਜੋ ਤੁਹਾਡਾ ਜੀਅ ਮਾਸ ਖਾਣ ਨੂੰ ਲੋਚਦਾ ਹੈ ਤਾਂ ਤੁਸੀਂ ਆਪਣੇ ਜੀਅ ਦੀ ਪੂਰੀ ਇੱਛਾ ਅਨੁਸਾਰ ਮਾਸ ਖਾਓ।
21ਜੇ ਉਹ ਅਸਥਾਨ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ ਕਿ ਉੱਥੇ ਆਪਣਾ ਨਾਮ ਰੱਖੇ ਤੁਹਾਥੋਂ ਬਹੁਤ ਦੁਰੇਡੇ ਹੋਵੇ ਤਾਂ ਤੁਸੀਂ ਆਪਣੇ ਇੱਜੜ ਅਤੇ ਆਪਣੇ ਚੌਣੇ ਵਿੱਚੋਂ ਜਿਹੜਾ ਯਹੋਵਾਹ ਨੇ ਤੁਹਾਨੂੰ ਦਿੱਤਾ ਹੈ ਲੈ ਕੇ ਕੱਟ ਲਿਓ ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਸੀ ਅਤੇ ਆਪਣੇ ਫਾਟਕਾਂ ਦੇ ਅੰਦਰ ਆਪਣੇ ਮਨ ਦੀ ਪੂਰੀ ਇੱਛਾ ਅਨੁਸਾਰ ਖਾ ਲਿਆ ਕਰਿਓ।
22ਜਿਵੇਂ ਚਿਕਾਰਾ ਅਤੇ ਹਿਰਨ ਖਾਈਦਾ ਹੈ ਤਿਵੇਂ ਤੁਸੀਂ ਉਸ ਨੂੰ ਖਾਇਓ, ਅਸ਼ੁੱਧ ਅਤੇ ਸ਼ੁੱਧ ਦੋਨੋਂ ਉਸ ਨੂੰ ਖਾਣ।
23ਪਰ ਲਹੂ ਕਦਾ ਚਿਤ ਨਾ ਖਾਇਓ ਕਿਉਂ ਜੋ ਲਹੂ ਹੀ ਜੀਉਣ ਹੈ ਅਤੇ ਤੁਸੀਂ ਜੀਉਣ ਨੂੰ ਮਾਸ ਨਾਲ ਨਾ ਖਾਇਓ।
24ਤੁਸੀਂ ਉਸ ਨੂੰ ਨਾ ਖਾਇਓ। ਤੁਸੀਂ ਉਸ ਨੂੰ ਧਰਤੀ ਉੱਤੇ ਪਾਣੀ ਵਾਂਙੁ ਡੋਹਲ ਦੇਇਓ।
25ਤੁਸੀਂ ਉਸ ਨੂੰ ਨਾ ਖਾਇਓ ਤਾਂ ਜੋ ਤੁਹਾਡਾ ਅਤੇ ਤੁਹਾਡੇ ਪਿੱਛੋਂ ਤੁਹਾਡੇ ਬੱਚਿਆਂ ਦਾ ਭਲਾ ਹੋਵੇ ਜਦ ਤੁਸੀਂ ਯਹੋਵਾਹ ਦੀ ਨਿਗਾਹ ਵਿੱਚ ਠੀਕ ਕੰਮ ਕਰੋ।
26ਕੇਵਲ ਤੁਹਾਡੀਆਂ ਪਵਿੱਤ੍ਰ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਹਨ ਅਤੇ ਤੁਹਾਡੀਆਂ ਸੁੱਖਣਾਂ ਤੁਸੀਂ ਲੈ ਕੇ ਉਸ ਅਸਥਾਨ ਨੂੰ ਜਾਇਓ ਜਿਹੜਾ ਯਹੋਵਾਹ ਚੁਣੇਗਾ।
27ਤੁਸੀਂ ਆਪਣੀਆਂ ਹੋਮ ਦੀਆਂ ਬਲੀਆਂ ਮਾਸ ਅਤੇ ਲਹੂ ਸਣੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਜਗਵੇਦੀ ਉੱਤੇ ਚੜ੍ਹਾਇਓ ਪਰ ਬਲੀਆਂ ਦਾ ਲਹੂ ਯਹੋਵਾਹ ਆਪਣੇ ਪਰਮੇਸ਼ੁਰ ਦੀ ਜਗਵੇਦੀ ਉੱਤੇ ਡੋਹਲ ਦੇਣਾ ਤਾਂ ਮਾਸ ਤੁਸੀਂ ਖਾ ਲੈਣਾ।
28ਇਨ੍ਹਾਂ ਸਾਰੀਆਂ ਗੱਲਾਂ ਨੂੰ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਸੁਣੋ ਅਤੇ ਮੰਨੋ ਤਾਂ ਜੋ ਤੁਹਾਡਾ ਅਤੇ ਤੁਹਾਡੇ ਪਿੱਛੋਂ ਤੁਹਾਡੇ ਬੱਚਿਆਂ ਦਾ ਸਦਾ ਲਈ ਭਲਾ ਹੋਵੇ ਸੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਨਿਗਾਹ ਵਿੱਚ ਠੀਕ ਅਤੇ ਚੰਗਾ ਕੰਮ ਕਰੋ।
29ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਪਰਾਈਆਂ ਕੌਮਾਂ ਨੂੰ ਤੁਹਾਡੇ ਅੱਗੋਂ ਵੱਢ ਸੁੱਟੇ ਜਿੱਥੇ ਤੁਸੀਂ ਓਹਨਾਂ ਉੱਤੇ ਕਬਜ਼ਾ ਕਰਨ ਲਈ ਜਾਂਦੇ ਹੋ ਅਤੇ ਤੁਸੀਂ ਓਹਨਾਂ ਉੱਤੇ ਕਾਬੂ ਪਾ ਕੇ ਓਹਨਾਂ ਦੀ ਧਰਤੀ ਵਿੱਚ ਵੱਸ ਜਾਓ।
30ਤਾਂ ਖਬਰਦਾਰ ਰਹਿਣਾ ਅਤੇ ਓਹਨਾਂ ਦੇ ਪਿੱਛੇ ਲੱਗ ਕੇ ਫਸ ਨਾ ਜਾਣਾ ਜਦ ਓਹ ਤੁਹਾਡੇ ਅੱਗੋਂ ਨਾਸ ਕੀਤੇ ਗਏ ਹੋਣ। ਤੁਸੀਂ ਓਹਨਾਂ ਦੇ ਦੇਵਤਿਆਂ ਦੇ ਵਿਖੇ ਨਾ ਪੁੱਛਣਾ ਕਿ ਏਹ ਪਰਾਈਆਂ ਕੌਮਾਂ ਕਿਵੇਂ ਆਪਣੇ ਦੇਵਤਿਆਂ ਦੀ ਪੂਜਾ ਕਰਦੀਆਂ ਹਨ ਤਾਂ ਜੋ ਅਸੀਂ ਵੀ ਏਵੇਂ ਹੀ ਕਰੀਏ।
31ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਐਉਂ ਨਾ ਕਰਨਾ ਕਿਉਂ ਜੋ ਸਾਰੇ ਘਿਣਾਉਣੇ ਕੰਮ ਜਿਨ੍ਹਾਂ ਤੋਂ ਯਹੋਵਾਹ ਨੂੰ ਨਫ਼ਰਤ ਹੈ ਓਹਨਾਂ ਨੇ ਆਪਣੇ ਦੇਵਤਿਆਂ ਲਈ ਕੀਤੇ ਹਨ ਕਿਉਂ ਜੋ ਓਹ ਆਪਣੇ ਪੁੱਤ੍ਰਾਂ ਅਤੇ ਆਪਣੀਆਂ ਧੀਆਂ ਨੂੰ ਆਪਣੇ ਦੇਵਤਿਆਂ ਲਈ ਅੱਗ ਵਿੱਚ ਸਾੜ ਸੁੱਟਦੇ ਹਨ।
32ਜੋ ਹੁਕਮ ਮੈਂ ਤੁਹਾਨੂੰ ਦਿੰਦਾ ਹਾਂ ਉਸ ਦੀ ਪਾਲਨਾ ਕਰਿਓ, ਨਾ ਉਸ ਵਿੱਚ ਕੁਝ ਵਧਾਇਓ, ਨਾ ਉਸ ਵਿੱਚੋਂ ਕੁਝ ਘਟਾਇਓ।