Loading Bible Translation
First-time download in progress. This may take a few seconds…
Punjabi Bible Wordproject Bible
31 verses
1ਯੂਸੁਫ਼ ਗਿਆ ਅਰ ਫਿਰਊਨ ਨੂੰ ਦੱਸਿਆ ਕਿ ਮੇਰਾ ਪਿਤਾ ਅਰ ਭਰਾ ਅਰ ਉਨ੍ਹਾਂ ਦੇ ਇੱਜੜ ਅਰ ਚੌਣੇ ਅਰ ਸਭ ਕੁਝ ਜੋ ਉਨ੍ਹਾਂ ਦਾ ਹੈ ਕਨਾਨ ਦੇਸ ਤੋਂ ਆ ਗਏ ਹਨ ਅਰ ਵੇਖੋ ਓਹ ਗੋਸ਼ਨ ਦੀ ਧਰਤੀ ਵਿੱਚ ਹਨ।
2ਤਾਂ ਓਸ ਆਪਣੇ ਸਭਨਾਂ ਭਰਾਵਾਂ ਵਿੱਚੋਂ ਪੰਜ ਮਨੁੱਖ ਲੈਕੇ ਫਿਰਊਨ ਦੇ ਸਨਮੁਖ ਖੜੇ ਕੀਤੇ।
3ਅਤੇ ਫਿਰਊਨ ਨੇ ਉਹ ਦੇ ਭਰਾਵਾਂ ਨੂੰ ਆਖਿਆ, ਤੁਹਾਡਾ ਕੀ ਕੰਮ ਹੈ? ਤਾਂ ਉਨ੍ਹਾਂ ਫਿਰਊਨ ਨੂੰ ਆਖਿਆ, ਤੁਹਾਡੇ ਦਾਸ ਅਯਾਲੀ ਹਨ ਅਸੀਂ ਵੀ ਅਰ ਸਾਡੇ ਪਿਓ ਦਾਦੇ ਵੀ।
4ਫੇਰ ਉਨ੍ਹਾਂ ਨੇ ਫਿਰਊਨ ਨੂੰ ਆਖਿਆ ਅਸੀਂ ਏਸ ਦੇਸ ਵਿੱਚ ਟਿਕਣ ਨੂੰ ਆਏ ਹਾਂ ਕਿਉਂਜੋ ਤੁਹਾਡੇ ਦਾਸਾਂ ਦੇ ਇੱਜੜਾਂ ਲਈ ਕੋਈ ਚਰਾਈ ਨਹੀਂ ਨਾਲੇ ਕਨਾਨ ਦੇਸ ਵਿੱਚ ਡਾਢਾ ਕਾਲ ਪਿਆ ਹੋਇਆ ਹੈ ਸੋ ਹੁਣ ਆਪਣੇ ਦਾਸਾਂ ਨੂੰ ਗੋਸ਼ਨ ਦੀ ਧਰਤੀ ਵਿੱਚ ਰਹਿਣ ਦਿਓ।
5ਤਾਂ ਫਿਰਊਨ ਨੇ ਯੂਸੁਫ਼ ਨੂੰ ਆਖਿਆ, ਤੇਰਾ ਪਿਤਾ ਅਰ ਤੇਰੇ ਭਰਾ ਤੇਰੇ ਕੋਲ ਆਏ ਹਨ।
6ਮਿਸਰ ਦੇਸ ਤੇਰੇ ਅੱਗੇ ਹੈ। ਆਪਣੇ ਪਿਤਾ ਅਰ ਆਪਣੇ ਭਰਾਵਾਂ ਨੂੰ ਸਭ ਤੋਂ ਚੰਗੀ ਧਰਤੀ ਵਿੱਚ ਵਸਾ ਅਰਥਾਤ ਗੋਸ਼ਨ ਦੇ ਦੇਸ ਵਿੱਚ ਵੱਸਣ ਦੇਹ ਅਤੇ ਜੇਕਰ ਤੂੰ ਜਾਣਦਾ ਹੈਂ ਭਈ ਉਨ੍ਹਾਂ ਵਿੱਚ ਸਿਆਣੇ ਮਨੁੱਖ ਹਨ ਤਾਂ ਉਨ੍ਹਾਂ ਨੂੰ ਮੇਰੇ ਮਾਲ ਡੰਗਰ ਉੱਤੇ ਮੁਖ਼ਤਿਆਰ ਠਹਿਰਾ ਦੇਹ।
7ਤਾਂ ਯੂਸੁਫ਼ ਨੇ ਆਪਣੇ ਪਿਤਾ ਯਾਕੂਬ ਨੂੰ ਲਿਆਂਦਾ ਅਰ ਫਿਰਊਨ ਦੇ ਸਨਮੁਖ ਖੜਾ ਕੀਤਾ ਅਤੇ ਯਾਕੂਬ ਨੇ ਫਿਰਊਨ ਨੂੰ ਬਰਕਤ ਦਿੱਤੀ।
8ਫਿਰਊਨ ਨੇ ਯਾਕੂਬ ਨੂੰ ਆਖਿਆ ਤੇਰੀ ਉਮਰ ਕਿੱਨਿਆਂ ਵਰਿਹਾਂ ਦੀ ਹੈ?
9ਯਾਕੂਬ ਨੇ ਫਿਰਊਨ ਨੂੰ ਆਖਿਆ ਮੇਰੇ ਮੁਸਾਫਰੀ ਦੇ ਦਿਨ ਇੱਕ ਸੋ ਤੀਹ ਵਰਹੇ ਹਨ। ਮੇਰੇ ਜੀਵਨ ਦੇ ਦਿਨ ਥੋੜੇ ਅਤੇ ਬੁਰੇ ਹੋਏ ਹਨ ਅਤੇ ਮੇਰੇ ਪਿਓ ਦਾਦੇ ਦੇ ਮੁਸਾਫਰੀ ਦੇ ਜੀਵਨ ਦੇ ਵਰਿਹਾਂ ਦੇ ਬਰਾਬਰ ਨਹੀਂ ਹੋਏ ਹਨ।
10ਫੇਰ ਯਾਕੂਬ ਫਿਰਊਨ ਨੂੰ ਬਰਕਤ ਦੇਕੇ ਫਿਰਊਨ ਦੇ ਹਜ਼ੂਰੋਂ ਨਿੱਕਲ ਆਇਆ।
11ਯੂਸੁਫ਼ ਨੇ ਆਪਣੇ ਪਿਤਾ ਅਰ ਆਪਣੇ ਭਰਾਵਾਂ ਨੂੰ ਵਸਾਇਆ ਅਰ ਉਨ੍ਹਾਂ ਨੂੰ ਮਿਸਰ ਦੇਸ ਦੀ ਸਭ ਤੋਂ ਚੰਗੀ ਧਰਤੀ ਅਰਥਾਤ ਰਾਮਸੇਸ ਦੀ ਧਰਤੀ ਵਿੱਚ ਜਿਵੇਂ ਫਿਰਊਨ ਨੇ ਹੁਕਮ ਦਿੱਤਾ ਸੀ ਮਿਲਖ ਦਿੱਤੀ।
12ਅਰ ਯੂਸੁਫ਼ ਆਪਣੇ ਪਿਤਾ ਅਰ ਆਪਣੇ ਭਰਾਵਾਂ ਅਰ ਆਪਣੇ ਪਿਤਾ ਦੇ ਸਾਰੇ ਘਰਾਣੇ ਦੀ ਉਨ੍ਹਾਂ ਦੇ ਨਿਆਣਿਆਂ ਦੀ ਲੋੜ ਅਨੁਸਾਰ ਰੋਟੀ ਨਾਲ ਪਾਲਣਾ ਕਰਦਾ ਸੀ।
13ਸਾਰੀ ਧਰਤੀ ਉੱਤੇ ਰੋਟੀ ਨਹੀਂ ਸੀ ਕਿਉਂਜੋ ਕਾਲ ਡਾਢਾ ਭਾਰੀ ਸੀ ਅਰ ਮਿਸਰ ਦੇਸ ਅਰ ਕਨਾਨ ਦੇਸ ਕਾਲ ਦੇ ਕਾਰਨ ਹੁੱਸ ਗਏ ਸਨ।
14ਯੂਸੁਫ਼ ਨੇ ਸਾਰੀ ਚਾਂਦੀ ਜਿਹੜੀ ਮਿਸਰ ਦੇ ਦੇਸ ਵਿੱਚੋਂ ਅਰ ਕਨਾਨ ਦੇ ਦੇ��� ਵਿੱਚੋਂ ਅੰਨ ਵਿਹਾਜਣ ਦੇ ਬਦਲੇ ਲੱਭੀ ਇੱਕਠੀ ਕਰ ਲਈ ਅਰ ਯੂਸੁਫ਼ ਨੇ ਉਹ ਚਾਂਦੀ ਫਿਰਊਨ ਦੇ ਘਰ ਲੈ ਆਂਦੀ।
15ਜਦ ਮਿਸਰ ਦੇਸ ਅਰ ਕਨਾਨ ਦੇਸ ਦੀ ਚਾਂਦੀ ਖਰਚ ਹੋ ਗਈ ਤਾਂ ਸਾਰੇ ਮਿਸਰੀ ਏਹ ਆਖਣ ਲਈ ਯੂਸੁਫ਼ ਕੋਲ ਆਏ ਕਿ ਸਾਨੂੰ ਰੋਟੀ ਦਿਓ। ਅਸੀਂ ਤੁਹਾਡੇ ਅੱਗੇ ਕਿਉਂ ਮਰੀਏ ਕਿਉਂਜੋ ਚਾਂਦੀ ਮੁੱਕ ਗਈ ਹੈ।
16ਤਾਂ ਯੂਸਫ ਨੇ ਆਖਿਆ, ਆਪਣੇ ਮਾਲ ਡੰਗਰ ਦਿਓ ਅਰ ਜੇ ਚਾਂਦੀ ਮੁੱਕ ਗਈ ਹੈ ਤਾਂ ਮੈਂ ਤੁਹਾਨੂੰ ਡੰਗਰਾਂ ਦੇ ਬਦਲੇ ਅੰਨ ਦਿਆਂਗਾ।
17ਤਾਂ ਓਹ ਆਪਣੇ ਮਾਲ ਡੰਗਰ ਯੂਸੁਫ਼ ਕੋਲ ਲਿਆਏ ਅਤੇ ਯੂਸੁਫ਼ ਨੇ ਉਨ੍ਹਾਂ ਦੇ ਘੋੜਿਆਂ ਅਤੇ ਡੰਗਰਾਂ ਅਤੇ ਇੱਜੜਾਂ ਅਤੇ ਖੋਤਿਆਂ ਦੇ ਬਦਲੇ ਉਨ੍ਹਾਂ ਨੂੰ ਅੰਨ ਦਿੱਤਾ ਅਤੇ ਉਸ ਸਾਰੇ ਵਰਹੇ ਉਸ ਨੇ ਉਨ੍ਹਾਂ ਨੂੰ ਮਾਲ ਡੰਗਰਾਂ ਦੇ ਬਦਲੇ ਰੋਟੀ ਖਵਾਈ।
18ਜਦ ਉਹ ਵਰਹਾ ਬੀਤ ਗਿਆ ਤਾਂ ਦੂਜੇ ਵਰਹੇ ਓਹ ਉਹ ਦੇ ਕੋਲ ਫੇਰ ਆਏ ਅਰ ਉਸ ਨੂੰ ਆਖਿਆ, ਅਸੀਂ ਆਪਣੇ ਸੁਵਾਮੀ ਤੋਂ ਲੁਕਾ ਨਹੀਂ ਸਕਦੇ ਕਿ ਸਾਡੀ ਚਾਂਦੀ ਮੁੱਕ ਗਈ ਹੈ ਅਰ ਮਾਲ ਡੰਗਰ ਵੀ ਸਾਡੇ ਸੁਵਾਮੀ ਦੇ ਹੋ ਗਏ ਹਨ ਸੋ ਹੁਣ ਸਾਡੇ ਸਵਾਮੀ ਦੇ ਅੱਗੇ ਸਾਡੇ ਸਰੀਰਾਂ ਅਰ ਜ਼ਮੀਨ ਤੋਂ ਬਿਨਾ ਹੋਰ ਕੁਝ ਬਾਕੀ ਨਹੀਂ ਰਿਹਾ।
19ਅਸੀਂ ਤੁਹਾਡੇ ਅੱਗੇ ਕਿਉਂ ਨਾਸ ਹੋਈਏ ਅਸੀਂ ਵੀ ਅਰ ਸਾਡੀ ਜ਼ਮੀਨ ਵੀ। ਸਾਨੂੰ ਅਰ ਸਾਡੀ ਜ਼ਮੀਨ ਨੂੰ ਰੋਟੀ ਦੇ ਬਦਲੇ ਮੁੱਲ ਲੈ ਲਓ। ਅਸੀਂ ਆਪਣੀ ਜ਼ਮੀਨ ਸਣੇ ਫਿਰਊਨ ਦੇ ਦਾਸ ਹੋਵਾਂਗੇ ਪਰ ਸਾਨੂੰ ਬੀ ਦਿਓ ਜੋ ਅਸੀਂ ਜੀਵੀਏ ਅਰ ਮਰੀਏ ਨਾ ਅਤੇ ਜ਼ਮੀਨ ਉੱਜੜ ਨਾ ਜਾਵੇ।
20ਤਾਂ ਯੂਸੁਫ਼ ਨੇ ਮਿਸਰ ਦੀ ਸਾਰੀ ਜ਼ਮੀਨ ਫਿਰਊਨ ਲਈ ਮੁੱਲ ਲੈ ਲਈ ਕਿਉਂਜੋ ਮਿਸਰੀਆਂ ਵਿੱਚੋਂ ਸਭਨਾਂ ਨੇ ਆਪੋ ਆਪਣੇ ਖੇਤ ਏਸ ਕਰਕੇ ਵੇਚ ਦਿੱਤੇ ਭਈ ਕਾਲ ਨੇ ਉਨ੍ਹਾਂ ਨੂੰ ਡਾਢਾ ਜਿੱਚ ਕੀਤਾ ਸੀ ਸੋ ਉਹ ਧਰਤੀ ਫਿਰਊਨ ਦੀ ਹੋ ਗਈ।
21ਤਾਂ ਉਸ ਨੇ ਉਨ੍ਹਾਂ ਲੋਕਾਂ ਨੂੰ ਮਿਸਰ ਦੀ ਇੱਕ ਹੱਦ ਤੋਂ ਦੂਜੀ ਹੱਦ ਤੀਕ ਨੱਗਰਾਂ ਵਿੱਚ ਇੱਕਠਾ ਕੀਤਾ।
22ਕੇਵਲ ਪੁਜਾਰੀਆਂ ਦੀ ਜ਼ਮੀਨ ਮੁੱਲ ਨਾ ਲਈ ਕਿਉਂਜੋ ਪੁਜਾਰੀਆਂ ਨੂੰ ਫਿਰਊਨ ਵੱਲੋਂ ਸ਼ਾਹੀ ਰਸਤ ਮਿਲਦੀ ਸੀ ਅਰ ਉਨ੍ਹਾਂ ਨੇ ਸ਼ਾਹੀ ਰਸਤ ਵਿੱਚੋਂ ਜੋ ਫਿਰਊਨ ਨੇ ਉਨ੍ਹਾਂ ਨੂੰ ਦਿੱਤੀ ਹੋਈ ਸੀ ਖਾਧਾ ਏਸ ਕਾਰਨ ਉਨ੍ਹਾਂ ਨੇ ਆਪਣੀ ਜ਼ਮੀਨ ਨਾ ਵੇਚੀ।
23ਤਾਂ ਯੂਸੁਫ਼ ਨੇ ਲੋਕਾਂ ਨੂੰ ਆਖਿਆ, ਵੇਖੋ ਮੈਂ ਤੁਹਾਨੂੰ ਅਰ ਤੁਹਾਡੀ ਜ਼ਮੀਨ ਨੂੰ ਅੱਜ ਦੇ ਦਿਨ ਫਿਰਊਨ ਦੇ ਲਈ ਮੁੱਲ ਲੈ ਲਿਆ ਹੈ।
24ਵੇਖੋ ਬੀ ਤੁਹਾਡੇ ਲਈ ਹੈ। ਜ਼ਮੀਨ ਬੀਜੋ। ਅਰ ਐਉਂ ਹੋਵੇਗਾ ਕਿ ਫਸਲਾਂ ਉੱਤੇ ਪੰਜਵਾਂ ਹਿੱਸਾ ਤੁਹਾਨੂੰ ਫਿਰਊਨ ਨੂੰ ਦੇਣਾ ਪਵੇਗਾ ਅਤੇ ਤੁਹਾਡੇ ਚਾਰ ਹਿੱਸੇ ਖੇਤ ਦੇ ਬੀ ਲਈ ਅਰ ਤੁਹਾਡੇ ਖਾਣ ਲਈ ਅਰ ਤੁਹਾਡੇ ਘਰਾਣੇ ਅਰ ਤੁਹਾਡੇ ਨਿਆਣਿਆਂ ਦੇ ਖਾਣ ਦੇ ਲਈ ਹੋਣਗੇ।
25ਉਨ੍ਹਾਂ ਆਖਿਆ, ਤੁਸਾਂ ਸਾਡੀਆਂ ਜਾਨਾਂ ਬਚਾਈਆਂ ਹਨ। ਸਾਡੇ ਸਵਾਮੀ ਦੀ ਆਪਣੇ ਦਾਸਾਂ ਉੱਤੇ ਦਯਾ ਦੀ ਨਿਗਾਹ ਹੋਵੇ ਤਾਂ ਅਸੀਂ ਫਿਰਊਨ ਦੇ ਦਾਸ ਹੋਵਾਂਗੇ।
26ਸੋ ਯੂਸੁਫ਼ ਨੇ ਮਿਸਰ ਦੀ ਜ਼ਮੀਨ ਲਈ ਉਹ ਕਨੂੰਨ ਜਿਹੜਾ ਅੱਜ ਦੇ ਦਿਨ ਤੀਕ ਹੈ ਠਹਿਰਾਇਆ ਭਈ ਪੰਜਵਾਂ ਹਿੱਸਾ ਫ਼ਿਰਊਨ ਦਾ ਹੋਵੇ ਪਰ ਕੇਵਲ ਪੁਜਾਰੀਆਂ ਦੀ ਜ਼ਮੀਨ ਉਨ੍ਹਾਂ ਦੀ ਹੀ ਰਹੀ। ਓਹ ਫ਼ਿਰਊਨ ਦੀ ਨਾ ਹੋਈ।
27ਤਾਂ ਇਸਰਾਏਲੀ ਮਿਸਰ ਦੀ ਧਰਤੀ ਅਰਥਾਤ ਗੋਸ਼ਨ ਦੀ ਧਰਤੀ ਵਿੱਚ ਰਹੇ ਅਰ ਉਨ੍ਹਾਂ ਨੇ ਉੱਥੇ ਮਿਲਖ ਪਰਾਪਤ ਕੀਤੀ ਅਤੇ ਉੱਥੇ ਓਹ ਬਹੁਤ ਹੀ ਫਲੇ ਅਰ ਵਧੇ ।
28ਅਰ ਯਾਕੂਬ ਮਿਸਰ ਦੇ ਦੇਸ ਵਿੱਚ ਸਤਾਰਾਂ ਵਰਹੇ ਜੀਵਿਆ ਸੋ ਯਾਕੂਬ ਦੀ ਸਾਰੀ ਉਮਰ ਇੱਕ ਸੌ ਸੰਤਾਲੀ ਵਰਿਹਾਂ ਦੀ ਹੋਈ।
29ਤਾਂ ਇਸਰਾਏਲ ਦੇ ਮਰਨ ਦੇ ਦਿਨ ਨੇੜੇ ਆਏ ਸੋ ਉਸ ਆਪਣੇ ਪੁੱਤ੍ਰ ਯੂਸੁਫ਼ ਨੂੰ ਬੁਲਾ ਕੇ ਆਖਿਆ, ਹੁਣ ਜੇ ਮੇਰੇ ਉੱਤੇ ਤੇਰੀ ਦਯਾ ਦੀ ਨਿਗਾਹ ਹੈ ਤਾਂ ਤੂੰ ਆਪਣਾ ਹੱਥ ਮੇਰੇ ਪੱਟ ਹੇਠ ਰੱਖ ਅਰ ਕਿਰਪਾ ਅਰ ਸਚਿਆਈ ਨਾਲ ਮੇਰੇ ਸੰਗ ਵਰਤੀਂ।
30ਮੈਨੂੰ ਮਿਸਰ ਵਿੱਚ ਨਾ ਦੱਬੀਂ। ਪਰ ਜਦ ਮੈਂ ਆਪਣੇ ਪਿਓ ਦਾਦਿਆਂ ਨਾਲ ਲੇਟ ਜਾਵਾਂ ਤਾਂ ਤੂੰ ਮੈਨੂੰ ਮਿਸਰ ਤੋਂ ਬਾਹਰ ਲੈ ਜਾਵੀਂ ਅਰ ਉਨ੍ਹਾਂ ਦੇ ਕਬਰਿਸਤਾਨ ਵਿੱਚ ਮੈਨੂੰ ਦੱਬੀਂ ਤਾਂ ਉਸ ਆਖਿਆ, ਮੈਂ ਤੇਰੇ ਆਖਣ ਦੇ ਅਨੁਸਾਰ ਕਰਾਂਗਾ।
31ਅਤੇ ਉਸ ਆਖਿਆ, ਮੇਰੇ ਨਾਲ ਸੌਂਹ ਖਾਹ ਤਾਂ ਉਸ ਨੇ ਉਹ ਦੇ ਨਾਲ ਸੌਂਹ ਖਾਧੀ ਅਤੇ ਇਸਰਾਏਲ ਆਪਣੇ ਮੰਜੇ ਦੇ ਸਰਹਾਣੇ ਉੱਤੇ ਨਿਉਂ ਗਿਆ।