Loading Bible Translation
First-time download in progress. This may take a few seconds…
Punjabi Bible Wordproject Bible
22 verses
1ਏਹਨਾਂ ਗੱਲਾਂ ਦੇ ਪਿੱਛੋਂ ਐਉਂ ਹੋਇਆ ਕਿ ਕਿਸੇ ਨੇ ਯੂਸੁਫ਼ ਨੂੰ ਆਖਿਆ ਵੇਖੋ ਤੁਹਾਡਾ ਪਿਤਾ ਬੀਮਾਰ ਹੈ ਤਾਂ ਉਸ ਨੇ ਆਪਣੇ ਦੋਹਾਂ ਪੁੱਤ੍ਰਾਂ ਮਨੱਸ਼ਹ ਅਰ ਇਫਰਾਈਮ ਨੂੰ ਆਪਣੇ ਸੰਗ ਲਿਆ।
2ਕਿਸੇ ਨੇ ਯਾਕੂਬ ਨੂੰ ਦੱਸਿਆ ਕਿ ਵੇਖੋ ਤੁਹਾਡਾ ਪੁੱਤ੍ਰ ਯੂਸੁਫ਼ ਤੁਹਾਡੇ ਕੋਲ ਆਉਂਦਾ ਹੈ ਤਾਂ ਇਸਰਾਏਲ ਆਪਣੇ ਤਾਈਂ ਤਕੜਾ ਕਰ ਕੇ ਆਪਣੇ ਮੰਜੇ ਉੱਤੇ ਬੈਠ ਗਿਆ।
3ਯਾਕੂਬ ਨੇ ਯੂਸੁਫ਼ ਆਖਿਆ, ਸਰਬਸ਼ਕਤੀਮਾਨ ਪਰਮੇਸ਼ੁਰ ਨੇ ਮੈਨੂੰ ਕਨਾਨ ਦੇਸ ਵਿੱਚ ਲੂਜ਼ ਕੋਲ ਦਰਸ਼ਨ ਦਿੱਤਾ ਅਤੇ ਮੈਨੂੰ ਬਰਕਤ ਦਿੱਤੀ।
4ਅਰ ਮੈਨੂੰ ਆਖਿਆ, ਵੇਖ ਮੈਂ ਤੈਨੂੰ ਫਲਵੰਤ ਕਰਾਂਗਾ ਅਤੇ ਤੈਨੂੰ ਵਧਾਵਾਂਗਾ ਅਰ ਤੈਥੋਂ ਢੇਰ ਸਾਰੀਆਂ ਕੌਮਾਂ ਬਣਾਵਾਂਗਾ ਅਤੇ ਤੇਰੇ ਮਗਰੋਂ ਏਹ ਦੇਸ ਸਦਾ ਲਈ ਤੇਰੀ ਅੰਸ ਦੀ ਮਿਲਖ ਕਰਾਂਗਾ।
5ਹੁਣ ਤੇਰੇ ਦੋ ਪੁੱਤ੍ਰ ਜਿਹੜੇ ਤੈਥੋਂ ਮਿਸਰ ਦੇਸ ਵਿੱਚ ਮੇਰੇ ਮਿਸਰ ਵਿੱਚ ਤੇਰੇ ਕੋਲ ਆਉਣ ਤੋਂ ਪਹਿਲਾਂ ਜੰਮੇ ਮੇਰੇ ਹਨ। ਰਊਬੇਨ ਅਰ ਸ਼ਿਮਓਨ ਵਾਂਙ ਇਫ਼ਰਾਈਮ ਅਰ ਮਨੱਸ਼ਹ ਮੇਰੇ ਹਨ।
6ਅਤੇ ਉਨ੍ਹਾਂ ਦੇ ਪਿੱਛੋਂ ਜਿਹੜੀ ਅੰਸ ਤੈਥੋਂ ਜੰਮੇਗੀ ਉਹ ਤੇਰੀ ਹੋਵੇਗੀ ਓਹ ਆਪਣੀ ਮਿਲਖ ਵਿੱਚ ਆਪਣੇ ਭਰਾਵਾਂ ਦੇ ਨਾਉਂ ਤੋਂ ਪੁਕਾਰੀ ਜਾਵੇਗੀ।
7ਮੈਂ ਜਦ ਪਦਨ ਤੋਂ ਆ ਰਿਹਾ ਸੀ ਤਾਂ ਰਸਤੇ ਵਿੱਚ ਜਾਂ ਅਫਰਾਤ ਥੋੜੀ ਦੂਰ ਰਹਿ ਗਿਆ ਕਨਾਨ ਦੇ ਦੇਸ ਵਿੱਚ ਰਾਖੇਲ ਮੇਰੇ ਕੋਲ ਮਰ ਗਈ ਅਰ ਮੈਂ ਉਹ ਨੂੰ ਉੱਥੇ ਹੀ ਅਫਰਾਤ ਦੇ ਰਸਤੇ ਵਿੱਚ ਦੱਬ ਦਿੱਤਾ ।
8ਏਹੋ ਹੀ ਬੈਤਲਹਮ ਹੈ। ਫੇਰ ਇਸਰਾਏਲ ਨੇ ਯੂਸਫ ਦੇ ਪੁੱਤ੍ਰਾਂ ਨੂੰ ਵੇਖ ਕਿ ਆਖਿਆ, ਏਹ ਕੌਣ ਹਨ?
9ਯੂਸੁਫ਼ ਨੇ ਆਪਣੇ ਪਿਤਾ ਨੂੰ ਆਖਿਆ, ਏਹ ਮੇਰੇ ਪੁੱਤ੍ਰ ਹਨ ਜਿਹੜੇ ਪਰਮੇਸ਼ੁਰ ਨੇ ਮੈਨੂੰ ਏਥੇ ਦਿੱਤੇ। ਓਸ ਆਖਿਆ, ਉਨ੍ਹਾਂ ਨੂੰ ਮੇਰੇ ਕੋਲ ਲਿਆ ਤਾਂ ਮੈਂ ਉਨ੍ਹਾਂ ਨੂੰ ਬਰਕਤ ਦਿਆਂਗਾ।
10ਪਰ ਇਸਰਾਏਲ ਦੀਆਂ ਅੱਖਾਂ ਬਿਰਧ ਹੋਣ ਦੇ ਕਾਰਨ ਧੁੰਧਲੀਆਂ ਹੋ ਗਈਆਂ ਸਨ ਜੋ ਉਹ ਵੇਖ ਨਾ ਸਕਿਆ ਅਤੇ ਉਹ ਉਨ੍ਹਾਂ ਨੂੰ ਉਸ ਦੇ ਕੋਲ ਲਿਆਇਆ ਤਾਂ ਉਸ ਨੇ ਉਨ੍ਹਾਂ ਨੂੰ ਚੁੰਮਿਆ ਅਤੇ ਉਨ੍ਹਾਂ ਨੂੰ ਗਲ ਲਾਇਆ।
11ਅਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, ਮੈਨੂੰ ਤਾਂ ਤੇਰਾ ਮੂੰਹ ਵੇਖਣ ਦੀ ਆਸ਼ਾ ਨਹੀਂ ਸੀ ਪਰ ਵੇਖ ਤੇਰੀ ਅੰਸ ਵੀ ਪਰਮੇਸ਼ੁਰ ਨੇ ਮੈਨੂੰ ਵਿਖਾਲ ਦਿੱਤੀ ਹੈ।
12ਤਾਂ ਯੂਸੁਫ਼ ਨੇ ਉਨ੍ਹਾਂ ਨੂੰ ਆਪਣੇ ਗੋਡਿਆਂ ਵਿੱਚੋਂ ਕੱਢਿਆ ਅਰ ਆਪਣਾ ਮੂੰਹ ਧਰਤੀ ਤੀਕ ਨਿਵਾਇਆ।
13ਅਤੇ ਯਸੁਫ਼ ਨੇ ਉਨ੍ਹਾਂ ਦੋਹਾਂ ਨੂੰ ਲਿਆ। ਇਫ਼ਰਾਈਮ ਨੂੰ ਆਪਣੇ ਸੱਜੇ ਹੱਥ ਨਾਲ ਇਸਰਾਏਲ ਦੇ ਖੱਬੇ ਪਾਸੇ ਅਰ ਮਨੱਸ਼ਹ ਨੂੰ ਆਪਣੇ ਖੱਬੇ ਹੱਥ ਨਾਲ ਇਸਰਾਏਲ ਦੇ ਸੱਜੇ ਪਾਸੇ ਲਿਆਂਦਾ ਅਰ ਉਸ ਦੇ ਨੇੜੇ ਕੀਤਾ।
14ਤਾਂ ਇਸਰਾਏਲ ਨੇ ਆਪਣਾ ਸੱਜਾ ਹੱਥ ਲੰਮਾ ਕਰ ਕੇ ਇਫ਼ਰਾਈਮ ਦੇ ਸਿਰ ਉੱਤੇ ਜਿਹੜਾ ਨਿੱਕਾ ਪੁੱਤ੍ਰ ਸੀ ਧਰਿਆ ਅਰ ਆਪਣਾ ਖੱਬਾ ਹੱਥ ਮਨੱਸ਼ਹ ਦੇ ਸਿਰ ਉੱਤੇ। ਓਸ ਜਾਣ ਬੁੱਝ ਕੇ ਆਪਣੇ ਹੱਥ ਐਉਂ ਧਰੇ ਕਿਉਂਜੋ ਮਨੱਸ਼ਹ ਪਲੋਠਾ ਸੀ।
15ਅਰ ਉਸ ਨੇ ਯੂਸੁਫ਼ ਨੂੰ ਬਰਕਤ ਦੇਕੇ ਆਖਿਆ, ਪਰਮੇਸ਼ੁਰ ਜਿਸ ਦੇ ਸਨਮੁਖ ਮੇਰਾ ਪਿਤਾ ਅਬਰਾਹਾਮ ਅਰ ਇਸਹਾਕ ਚੱਲਦੇ ਰਹੇ ਅਰ ਉਹ ਪਰਮੇਸ਼ੁਰ ਜਿਸ ਨੇ ਜੀਵਨ ਭਰ ਅੱਜ ਦੇ ਦਿਨ ਤੀਕ ਮੇਰੀ ਪਾਲਣਾ ਕੀਤੀ।
16ਉਹ ਦੂਤ ਜਿਹੜਾ ਸਾਰੀ ਬੁਰਿਆਈ ਤੋਂ ਮੇਰਾ ਛਡਾਉਣ ਵਾਲਾ ਹੈ ਸੋ ਇੰਨ੍ਹਾਂ ਮੁੰਡਿਆਂ ਨੂੰ ਬਰਕਤ ਦੇਵੇ ਅਰ ਉਨ੍ਹਾਂ ਨੂੰ ਮੇਰਾ ਨਾਉਂ ਅਰ ਮੇਰੇ ਪਿਤਾ ਅਬਰਾਹਾਮ ਅਰ ਇਸਹਾਕ ਦੇ ਨਾਉਂ ਤੋਂ ਬੁਲਾਇਆ ਜਾਵੇ ਅਰ ਓਹ ਧਰਤੀ ਉੱਤੇ ਇੱਕ ਵੱਡਾ ਦਲ ਬਣ ਜਾਣ।
17ਜਾਂ ਯੂਸੁਫ਼ ਨੇ ਵੇਖਿਆ ਕਿ ਮੇਰੇ ਪਿਤਾ ਨੇ ਆਪਣਾ ਸੱਜਾ ਹੱਥ ਇਫ਼ਰਾਇਮ ਦੇ ਸਿਰ ਉੱਤੇ ਰੱਖਿਆ ਹੈ ਤਾਂ ਉਸ ਦੀ ਨਿਗਾਹ ਵਿੱਚ ਇਹ ਬੁਰਾ ਲੱਗਾ ਅਤੇ ਉਸ ਨੇ ਆਪਣੇ ਪਿਤਾ ਦਾ ਹੱਥ ਫੜ ਲਿਆ ਤਾਂਜੋ ਇਫ਼ਰਾਈਮ ਦੇ ਸਿਰ ਤੋਂ ਹਟਾ ਕੇ ਮਨੱਸ਼ਹ ਦੇ ਸਿਰ ਉੱਤੇ ਧਰੇ।
18ਅਰ ਯੂਸੁਫ਼ ਨੇ ਆਪਣੇ ਪਿਤਾ ਨੂੰ ਆਖਿਆ ਪਿਤਾ ਜੀ ਐਉਂ ਨਹੀਂ ਕਿਉਂਜੋ ਉਹ ਪਲੋਠਾ ਹੈ। ਅਪਣਾ ਸੱਜਾ ਹੱਥ ਉਸ ਦੇ ਸਿਰ ਉੱਤੇ ਧਰ।
19ਪਰ ਉਸ ਦੇ ਪਿਤਾ ਨੇ ਇਨਕਾਰ ਕਰਕੇ ਆਖਿਆ, ਮੈਂ ਜਾਣਦਾ ਹਾਂ ਮੇਰੇ ਪੁੱਤ੍ਰ ਮੈਂ ਜਾਣਦਾ ਹਾਂ। ਏਸ ਤੋਂ ਵੀ ਇੱਕ ਕੌਮ ਹੋਵੇਗੀ ਅਰ ਏਹ ਵੀ ਵੱਡਾ ਹੋਵੇਗਾ ਪਰ ਉਸ ਦਾ ਨਿੱਕਾ ਭਰਾ ਏਸ ਨਾਲੋਂ ਵੱਡਾ ਹੋਵੇਗਾ ਅਰ ਉਸ ਦੀ ਅੰਸ ਤੋਂ ਢੇਰ ਸਾਰੀਆਂ ਕੌਮਾਂ ਹੋਣਗੀਆਂ।
20ਅਤੇ ਉਸ ਨੇ ਉਸੇ ਦਿਨ ਉਨ੍ਹਾਂ ਨੂੰ ਬਰਕਤ ਦੇਕੇ ਆਖਿਆ ਕਿ ਇਸਰਾਏਲ ਤੇਰੇ ਦਵਾਰਾ ਐਉਂ ਆਖ ਕੇ ਬਰਕਤ ਦਿਆ ਕਰੇਗਾ ਕਿ ਪਰਮੇਸ਼ੁਰ ਤੈਨੂੰ ਇਫ਼ਰਾਈਮ ਅਰ ਮਨੱਸ਼ਹ ਵਰਗਾ ਰੱਖੇ ਸੋ ਉਸਨੇ ਇਫ਼ਰਾਈਮ ਨੂੰ ਮਨੱਸ਼ਹ ਨਾਲੋਂ ਅੱਗੇ ਰੱਖਿਆ।
21ਅਤੇ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, ਵੇਖ ਮੈਂ ਮਰਨ ਵਾਲਾ ਹਾਂ ਪਰ ਪਰਮੇਸ਼ੁਰ ਤੁਹਾਡੇ ਸੰਗ ਹੋਵੇਗਾ ਅਰ ਤੁਹਾਨੂੰ ਤੁਹਾਡੇ ਪਿਓ ਦਾਦਿਆਂ ਦੇ ਦੇਸ ਵਿੱਚ ਮੁੜ ਲੈ ਆਵੇਗਾ।
22ਅਰ ਮੈਂ ਤੈਨੂੰ ਤੇਰੇ ਭਰਾਵਾਂ ਤੋਂ ਵਧ ਇੱਕ ਪਹਾੜੀ ਇਲਾਕਾ ਦਿੱਤਾ ਹੈ ਜਿਹੜਾ ਮੈਂ ਆਪਣੀ ਤੇਗ ਅਤੇ ਧਣੁੱਖ ਨਾਲ ਅਮੋਰੀਆਂ ਦੇ ਹੱਥੋਂ ਖੋਹਿਆ ਸੀ।