Loading Bible Translation
First-time download in progress. This may take a few seconds…
Punjabi Bible Wordproject Bible
40 verses
1ਗਿਲਆਦ ਵਿੱਚ ਯਿਫ਼ਤਾਹ ਨਾਮੇ ਮਨੁੱਖ ਵੱਡਾ ਸੂਰਮਾ ਸੀ। ਉਹ ਇੱਕ ਕੰਜਰੀ ਦਾ ਜਣਿਆ ਹੋਇਆ ਸੀ ਅਤੇ ਯਿਫ਼ਤਾਹ ਦਾ ਪਿਉ ਗਿਲਆਦ ਸੀ।
2ਅਤੇ ਗਿਲਆਦ ਦੀ ਤੀਵੀਂ ਉਸ ਤੋਂ ਪੁੱਤ੍ਰ ਜਣੀ ਅਤੇ ਜਾਂ ਉਸ ਤੀਵੀਂ ਦੇ ਪੁੱਤ੍ਰ ਵੱਡੇ ਹੋਏ ਤਾਂ ਉਨ੍ਹਾਂ ਨੇ ਯਿਫ਼ਤਾਹ ਨੂੰ ਛੇਕ ਕੇ ਉਹ ਨੂੰ ਆਖਿਆ, ਸਾਡੇ ਪਿਉ ਦੇ ਘਰ ਵਿੱਚ ਤੇਰੀ ਪੱਤੀ ਨਹੀਂ, ਤੂੰ ਓਪਰੀ ਤੀਵੀਂ ਦਾ ਜਣਿਆ ਹੋਇਆ ਜੋ ਹੈਂ।
3ਤਦ ਯਿਫ਼ਤਾਹ ਆਪਣੇ ਭਰਾਵਾਂ ਦੇ ਕੋਲੋਂ ਭੱਜ ਕੇ ਤੋਬ ਦੇ ਦੇਸ ਵਿੱਚ ਜਾ ਵੱਸਿਆ ਅਤੇ ਯਿਫ਼ਤਾਹ ਦੇ ਕੋਲ ਲੁੱਚੇ ਲੋਕ ਇਕੱਠੇ ਹੋਏ ਅਤੇ ਓਹ ਉਹ ਦੇ ਨਾਲ ਤੁਰਦੇ ਫਿਰਦੇ ਸਨ।
4ਅਜੇਹਾ ਹੋਇਆ ਜੋ ਕੁਝ ਚਿਰ ਪਿੱਛੋਂ ਅੰਮੋਨੀ ਇਸਰਾਏਲੀਆਂ ਨਾਲ ਲੜਨ ਲੱਗੇ।
5ਅਤੇ ਇਉਂ ਹੋਇਆ ਭਈ ਜਾਂ ਅੰਮੋਨੀ ਇਸਰਾਏਲ ਨਾਲ ਲੜਨ ਲੱਗੇ ਤਾਂ ਤੋਬ ਦੇਸ ਵਿੱਚੋਂ ਯਿਫ਼ਤਾਹ ਨੂੰ ਮੋੜ ਲੈ ਆਉਣ ਨੂੰ ਗਿਲਆਦ ਦੇ ਬਜ਼ੁਰਗ ਗਏ।
6ਸੋ ਉਨ੍ਹਾਂ ਨੇ ਯਿਫ਼ਤਾਹ ਨੂੰ ਆਖਿਆ, ਆ, ਸਾਡਾ ਆਗੂ ਬਣ ਜੋ ਅਸੀਂ ਅੰਮੋਨੀਆਂ ਨੇ ਨਾਲ ਲੜੀਏ।
7ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗਾਂ ਨੂੰ ਆਖਿਆ, ਭਲਾ, ਤੁਸਾਂ ਮੇਰੇ ਨਾਲ ਵੈਰ ਨਹੀਂ ਕੀਤਾ ਅਤੇ ਮੇਰੇ ਪਿਉ ਦੇ ਘਰ ਵਿੱਚੋਂ ਮੈਨੂੰ ਨਹੀਂ ਕੱਢ ਦਿੱਤਾ? ਸੋ ਹੁਣ ਬਿਪਤਾ ਦੇ ਵੇਲੇ ਤੁਸੀਂ ਮੇਰੇ ਕੋਲ ਕਿਉਂ ਆਏ ਹੋ?
8ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਆਖਿਆ, ਅਸੀਂ ਤੇਰੇ ਕੋਲ ਫਿਰ ਇਸ ਲਈ ਆਏ ਹਾਂ ਜੋ ਤੂੰ ਸਾਡੇ ਨਾਲ ਚੱਲੇਂ ਅਤੇ ਅੰਮੋਨੀਆਂ ਨਾਲ ਲੜਾਈ ਕਰੇਂ ਅਤੇ ਸਾਡਾ ਸਾਰੇ ਗਿਲਆਦ ਦੇ ਵਾਸੀਆਂ ਦਾ ਪਰਮੁਖ ਬਣੇਂ।
9ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗਾਂ ਨੂੰ ਆਖਿਆ ਭਈ ਜੇ ਅੰਮੋਨੀਆਂ ਨਾਲ ਲੜਾਈ ਕਰਨ ਨੂੰ ਤੁਸੀਂ ਫੇਰ ਮੈਨੂੰ ਆਪਣੇ ਨਾਲ ਲੈ ਚਲਦੇ ਹੋ ਤਦ ਜੇ ਕਦੀ ਯਹੋਵਾਹ ਉਨ੍ਹਾਂ ਨੂੰ ਮੇਰੇ ਅੱਗੇ ਹਰਾ ਦੇਵੇ ਤਾਂ ਭਲਾ, ਮੈਂ ਤੁਹਾਡਾ ਪਰਮੁਖ ਬਣ ਜਾਵਾਂਗਾ?
10ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਉੱਤਰ ਦਿੱਤਾ, ਯਹੋਵਾਹ ਸਾਡੇ ਵਿੱਚ ਗਵਾਹ ਹੋਵੇ, ਅਸੀਂ ਨਿਸੰਗ ਤੇਰੇ ਆਖਣ ਅਨੁਸਾਰ ਵਰਤਾਂਗੇ।
11ਤਾਂ ਯਿਫ਼ਤਾਹ ਗਿਲਆਦ ਦੇ ਬਜ਼ੁਰਗਾਂ ਨਾਲ ਤੁਰਿਆ ਅਤੇ ਉਹ ਨੂੰ ਲੋਕਾਂ ਨੇ ਆਪਣੇ ਪਰਮੁਖ ਅਤੇ ਆਗੂ ਬਣਾਇਆ ਅਤੇ ਯਿਫ਼ਤਾਹ ਨੇ ਮਿਸਫਾਹ ਵਿੱਚ ਯਹੋਵਾਹ ਦੇ ਅੱਗੇ ਆਪਣੀਆਂ ਸਾਰੀਆਂ ਗਲਾਂ ਕਹਿ ਸੁਣਾਈਆਂ।
12ਤਾਂ ਯਿਫ਼ਤਾਹ ਨੇ ਅੰਮੋਨੀਆਂ ਦੇ ਰਾਜਾ ਕੋਲ ਹਲਕਾਰੇ ਘੱਲ ਕੇ ਆਖਿਆ ਮੇਰੇ ਨਾਲ ਤੇਰਾ ਕੀ ਕੰਮ ਹੈ ਜੋ ਤੂੰ ਮੇਰੇ ਉੱਤੇ ਮੇਰੇ ਦੇਸ ਨਾਲ ਲੜਾਈ ਕਰਨ ਨੂੰ ਚੜ੍ਹ ਆਇਆ ਹੈਂ?
13ਅੰਮੋਨੀਆਂ ਦੇ ਰਾਜਾ ਨੇ ਯਿਫ਼ਤਾਹ ਦੇ ਹਲਕਾਰਿਆਂ ਨੂੰ ਉੱਤਰ ਦਿੱਤਾ, ਇਸ ਲਈ ਭਈ ਜਿਸ ਵੇਲੇ ਇਸਰਾਏਲੀ ਮਿਸਰ ਤੋਂ ਨਿੱਕਲ ਆਏ ਸਨ ਤਾਂ ਉਨ੍ਹਾਂ ਨੇ ਮੇਰਾ ਦੇਸ ਅਰਨੋਨ ਤੋਂ ਲੈ ਕੇ ਯਬੋਕ ਅਤੇ ਯਰਦਨ ਤੀਕਰ ਖੋਹ ਲਿਆ ਸੀ ਸੋ ਹੁਣ ਉਹ ਦੇਸ ਤੂੰ ਸੁਲਾਹ ਸਫਾਈ ਨਾਲ ਮੋੜ ਦੇਹ।
14ਤਦ ਯਿਫ਼ਤਾਹ ਨੇ ਹਲਕਾਰਿਆਂ ਨੂੰ ਅੰਮੋਨੀਆਂ ਦੇ ਰਾਜਾ ਕੋਲ ਫੇਰ ਘੱਲਿਆ।
15ਅਤੇ ਉਹ ਨੂੰ ਆਖਿਆ, ਯਿਫ਼ਤਾਹ ਇਹ ਆਖਦਾ ਹੈ ਜੋ ਇਸਰਾਏਲ ਨੇ ਮੋਆਬ ਦਾ ਦੇਸ ਅਤੇ ਅੰਮੋਨੀਆਂ ਦਾ ਦੇਸ ਨਹੀਂ ਸੀ ਖੋਹ ਲਿਆ।
16ਪਰ ਜਿਸ ਵੇਲੇ ਇਸਰਾਏਲੀ ਮਿਸਰ ਤੋਂ ਨਿੱਕਲ ਆਏ ਸਨ ਅਤੇ ਲਾਲ ਸਮੁੰਦਰ ਤੋੜੀ ਉਜਾੜ ਵਿੱਚ ਕਾਦੇਸ਼ ਤੀਕਰ ਤੁਰੇ ਆਏ।
17ਉਸ ਵੇਲੇ ਇਸਰਾਏਲੀਆਂ ਨੇ ਅਦੋਮ ਦੇ ਰਾਜਾ ਦੀ ਵੱਲ ਹਲਕਾਰੇ ਘੱਲੇ ਜੋ ਸਾਨੂੰ ਆਪਣੇ ਦੇਸ ਵਿੱਚੋਂ ਦੀ ਲੰਘਣੇ ਦੇਹ ਪਰ ਅਦੋਮ ਦੇ ਰਾਜਾ ਨੇ ਉਨ੍ਹਾਂ ਦੀ ਨਾ ਸੁਣੀ ਅਤੇ ਇਸੇ ਤਰਾਂ ਉਨ੍ਹਾਂ ਨੇ ਮੋਆਬ ਦੇ ਰਾਜਾ ਨੂੰ ਕਹਾ ਘੱਲਿਆ ਅਤੇ ਉਹ ਨੇ ਭੀ ਨਾ ਮੰਨਿਆ ਸੋ ਇਸਰਾਏਲੀ ਕਾਦੇਸ਼ ਵਿੱਚ ਠਹਿਰੇ।
18ਤਦ ਓਹ ਉਜਾੜ ਵਿੱਚੋਂ ਦੀ ਤੁਰ ਪਏ ਅਤੇ ਅਦੋਮ ਦੇ ਦੇਸ ਅਤੇ ਮੋਆਬ ਦੇ ਦੇਸ ਦੇ ਦੁਆਲੇ ਭੌਂ ਕੇ ਮੋਆਬ ਦੇ ਦੇਸ ਦੀ ਚੜ੍ਹਦੀ ਵੱਲੋਂ ਆ ਨਿੱਕਲੇ ਅਤੇ ਅਰਨੋਨ ਦੇ ਪਰਲੇ ਪਾਸੇ ਤੰਬੂ ਲਾਏ ਪਰ ਮੋਆਬ ਦੇ ਬੰਨੇ ਵਿੱਚ ਨਾ ਮੁੜੇ ਕਿਉਂ ਜੋ ਅਰਨੋਨ ਮੋਆਬ ਦਾ ਬੰਨਾ ਸੀ।
19ਤਦ ਇਸਰਾਏਲੀਆਂ ਨੇ ਅਮੋਰੀਆਂ ਦੇ ਰਾਜਾ ਸੀਹੋਨ ਦੇ ਕੋਲ ਜੋ ਹਸ਼ਬੋਨ ਦਾ ਰਾਜਾ ਸੀ ਹਲਕਾਰੇ ਘੱਲੇ ਅਤੇ ਇਸਰਾਏਲ ਨੇ ਉਸ ਨੂੰ ਅਖਿਆ, ਸਾਡੀ ਬੇਨਤੀ ਇਹ ਹੈ ਜੋ ਆਪਣੇ ਦੇਸ ਵਿੱਚੋਂ ਦੀ ਸਾਨੂੰ ਆਪਣੇ ਥਾਂ ਵੱਲ ਲੰਘਣ ਦਿਓ।
20ਪਰ ਸੀਹੋਨ ਨੇ ਇਸਰਾਏਲ ਉੱਤੇ ਪਰਤੀਤ ਨਾ ਕੀਤੀ ਜੋ ਉਨ੍ਹਾਂ ਨੂੰ ਆਪਣੇ ਬੰਨੇ ਉੱਤੋਂ ਦੀ ਲੰਘਣ ਦੇਵੇ ਸਗੋਂ ਸੀਹੋਨ ਨੇ ਆਪਣੇ ਸਾਰੇ ਲੋਕ ਇਕੱਠੇ ਕਰ ਲਏ ਅਤੇ ਯਹਾਸ ਵਿੱਚ ਤੰਬੂ ਲਾ ਕੇ ਇਸਰਾਏਲ ਨਾਲ ਲੜਿਆ।
21ਅਤੇ ਯਹੋਵਾਹ ਇਸਰਾਏਲੀਆਂ ਦੇ ਪਰਮੇਸ਼ੁਰ ਨੇ ਸੀਹੋਨ ਨੂੰ ਉਸ ਦੀ ਸਾਰੀ ਫੌਜ ਸਣੇ ਇਸਰਾਏਲ ਦੇ ਹੱਥਾਂ ਵਿੱਚ ਕਰ ਦਿੱਤਾ ਅਤੇ ਉਨ੍ਹਾਂ ਨੇ ਓਹਨਾਂ ਨੂੰ ਮਾਰ ਲਿਆ। ਸੋ ਇਸੇ ਤਰਾਂ ਇਸਰਾਏਲੀਆਂ ਨੇ ਉਸ ਦੇਸ ਦੇ ਵਾਸੀ ਅਮੋਰੀਆਂ ਦੇ ਸਾਰੇ ਦੇਸ ਨੂੰ ਮੱਲ ਲਿਆ।
22ਅਤੇ ਉਨ੍ਹਾਂ ਨੇ ਅਰਨੋਨ ਤੋਂ ਲੈ ਕੇ ਯਬੋਕ ਤੋੜੀ ਅਤੇ ਉਜਾੜੋਂ ਲੈ ਕੇ ਯਰਦਨ ਤੋੜੀ ਅਮੋਰੀਆਂ ਦੇ ਸਾਰਿਆਂ ਬੰਨਿਆਂ ਨੂੰ ਮੱਲ ਲਿਆ।
23ਸੋ ਹੁਣ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਅਮੋਰੀਆਂ ਨੂੰ ਆਪਣੀ ਪਰਜਾ ਇਸਰਾਏਲ ਦੇ ਅੱਗੇ ਪੱਤੀ ਤੋਂ ਕੱਢ ਦਿੱਤਾ ਤਾਂ ਭਲਾ, ਤੂੰ ਉਹ ਦਾ ਪੱਤੀਦਾਰ ਬਣੇਗਾ?
24ਜੋ ਤੇਰਾ ਦਿਓਤਾ ਕਮੋਸ਼ ਤੈਨੂੰ ਪੱਤੀ ਵਿੱਚ ਦਿੰਦਾ ਹੈ ਭਲਾ, ਉਹ ਨੂੰ ਤੂੰ ਕਬਜ਼ੇ ਵਿੱਚ ਲੈਂਦਾ ਨਹੀਂ? ਸੋ ਅਸੀਂ ਭੀ ਉਨ੍ਹਾਂ ਸਭਨਾਂ ਨੂੰ ਜਿਹੜੇ ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਅੱਗੋਂ ਕੱਢ ਦੇਵੇਗਾ ਜਿੱਤ ਕੇ ਕਬਜ਼ਾ ਕਰਾਂਗੇ।
25ਹੁਣ ਭਲਾ, ਮੋਆਬ ਦੇ ਰਾਜਾ ਬਲਾਕ ਨਾਲੋਂ ਜੋ ਸਿੱਫੋਰ ਦਾ ਪੁੱਤ੍ਰ ਸੀ ਤੂੰ ਕੁਝ ਚੰਗਾ ਹੈਂ? ਉਸ ਨੇ ਇਸਰਾਏਲੀਆਂ ਨਾਲ ਕਦੀ ਝਗੜਾ ਕੀਤਾ ਯਾ ਕਦੀ ਉਨ੍ਹਾਂ ਦਾ ਸਾਹਮਣਾ ਕੀਤਾ ਸੀ।
26ਜਿਸ ਵੇਲੇ ਇਸਰਾਏਲੀ ਹਸ਼ਬੋਨ ਅਤੇ ਉਸ ਦਿਆਂ ਪਿੰਡਾਂ ਵਿੱਚ ਅਤੇ ਅਰੋਏਰ ਅਤੇ ਉਸ ਦਿਆਂ ਪਿੰਡਾਂ ਵਿੱਚ ਅਤੇ ਉਨ੍ਹਾਂ ਸਭਨਾਂ ਪਿੰਡਾਂ ਵਿੱਚ ਜਿਹੜੇ ਅਰਨੋਨ ਦਿਆਂ ਦੋਹਾਂ ਕੰਢਿਆਂ ਲਾਗੇ ਹਨ ਤਿੰਨ ਸੌ ਵਰਹੇ ਵੱਸਿਆ, ਭਲਾ, ਤੁਸਾਂ ਓਹਨਾਂ ਓਨੇ ਚਿਰ ਵਿੱਚ ਕਿਉਂ ਨਾ ਮੋੜ ਲਿਆ?
27ਗੱਲ ਕਾਹਦੀ, ਮੈਂ ਤਾਂ ਤੇਰਾ ਪਾਪ ਨਹੀਂ ਕੀਤਾ ਸਗੋਂ ਤੂੰ ਮੇਰੇ ਨਾਲ ਬੁਰਿਆਈ ਕਰਦਾ ਹੈਂ ਜੋ ਮੇਰੇ ਨਾਲ ਲੜਣ ਆਉਂਦਾ ਹੈ ਸੋ ਯਹੋਵਾਹ ਹੀ ਜੋ ਨਿਆਈ ਹੈ ਇਸਰਾਏਲੀਆਂ ਅਤੇ ਅੰਮੋਨੀਆਂ ਦੇ ਵਿੱਚਕਾਰ ਅੱਜ ਦੇ ਦਿਨ ਨਿਆਉਂ ਕਰੇ।
28ਪਰ ਅੰਮੋਨੀਆਂ ਦੇ ਰਾਜਾ ਨੇ ਉਨ੍ਹਾਂ ਗੱਲਾਂ ਨੂੰ ਜੋ ਯਿਫ਼ਤਾਹ ਨੇ ਉਸ ਨੂੰ ਆਖ ਘੱਲੀਆਂ ਸਨ ਨਾ ਸੁਣਿਆ।
29ਤਦ ਯਹੋਵਾਹ ਦਾ ਆਤਮਾ ਯਿਫ਼ਤਾਹ ਉੱਤੇ ਆਇਆ ਅਤੇ ਉਹ ਗਿਲਆਦ ਅਤੇ ਮਨੱਸ਼ਹ ਤੋਂ ਲੰਘ ਕੇ ਗਿਲਆਦ ਦੇ ਮਿਸਪੇਹ ਨੂੰ ਅਪੱੜ ਪਿਆ, ਅਤੇ ਗਿਲਆਦ ਦੇ ਮਿਸਪੇਹ ਤੋਂ ਅੰਮੋਨੀਆਂ ਵੱਲ ਲੰਘਣ ਲੱਗਾ।
30ਅਤੇ ਯਿਫ਼ਤਾਹ ਨੇ ਯਹੋਵਾਹ ਦੀ ਸੁੱਖਣਾ ਸੁੱਖ ਕੇ ਆਖਿਆ ਭਈ ਜੇ ਤੂੰ ਸੱਚ ਮੁੱਚ ਅੰਮੋਨੀਆਂ ਨੂੰ ਮੇਰੇ ਹੱਥ ਸੌਂਪ ਦੇਵੇਂ।
31ਤਾਂ ਅਜੇਹਾ ਹੋਵੇਗਾ ਕਿ ਜਿਸ ਵੇਲੇ ਮੈਂ ਅੰਮੋਨੀਆਂ ਵੱਲੋਂ ਸੁੱਖ ਸਾਂਦ ਨਾਲ ਮੁੜਾਂਗਾ ਤਾਂ ਜੋ ਕੋਈ ਮੇਰੇ ਘਰ ਦੇ ਬੂਹੇ ਤੋਂ ਮੇਰੇ ਮਿਲਣ ਨੂੰ ਪਹਿਲੋਂ ਨਿੱਕਲੇਗਾ ਸੋ ਉਹ ਯਹੋਵਾਹ ਦਾ ਹੋਵੇਗਾ ਅਤੇ ਮੈਂ ਉਹ ਨੂੰ ਹੋਮ ਦੀ ਬਲੀ ਚੜ੍ਹਾਵਾਂਗਾ।
32ਤਦ ਯਿਫ਼ਤਾਹ ਅੰਮੋਨੀਆਂ ਨਾਲ ਲੜਾਈ ਕਰਨ ਨੂੰ ਪਾਰ ਲੰਘਿਆ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਉਹ ਦੇ ਹੱਥ ਸੌਂਪ ਦਿੱਤਾ।
33ਅਤੇ ਉਹ ਨੇ ਅਰੋਏਰ ਤੋਂ ਲੈ ਕੇ ਮਿੰਨੀਥ ਦੇ ਅੱਪੜਣ ਤੋੜੀ ਜੋ ਵੀਹ ਸ਼ਹਿਰ ਹਨ ਅਤੇ ਦਾਖਾਂ ਦੇ ਬਾਗਾਂ ਤੋੜੀ ਬਹੁਤ ਵੱਡੀ ਵਾਢ ਨਾਲ ਉਨ੍ਹਾਂ ਨੂੰ ਵੱਢਿਆ। ਇਸ ਤਰਾਂ ਅੰਮੋਨੀ ਇਸਰਾਏਲੀਆਂ ਕੋਲੋਂ ਹਾਰ ਗਏ।
34ਯਿਫ਼ਤਾਹ ਮਿਸਫਾਹ ਨੂੰ ਆਪਣੇ ਘਰ ਆਇਆ ਅਤੇ ਵੇਖੋ, ਉਹ ਦੀ ਧੀ ਡੱਫ ਵਜਾਉਂਦੀ ਅਤੇ ਨੱਚਦੀ ਹੋਈ ਉਹ ਦੇ ਮਿਲਣ ਨੂੰ ਨਿੱਕਲੀ ਅਤੇ ਉਹ ਉਸ ਦੀ ਇਕਲੋਤੀ ਸੀ, ਉਸ ਤੋਂ ਬਿਨਾ ਹੋਰ ਪੁੱਤ੍ਰ ਧੀ ਉਹ ਦੇ ਕੋਈ ਨਹੀਂ ਸੀ।
35ਤਾਂ ਅਜੇਹਾ ਹੋਇਆ ਭਈ ਜਾਂ ਉਹ ਨੇ ਉਸ ਨੂੰ ਡਿੱਠਾ ਤਾਂ ਉਹ ਨੇ ਆਪਣੇ ਲੀੜੇ ਪਾੜ ਕੇ ਆਖਿਆ, ਹਾਏ! ਹਾਏ ਮੇਰੀਏ ਧੀਏ! ਤੈਂ ਮੈਨੂੰ ਬਹੁਤ ਨੀਵਾਂ ਕੀਤਾ ਸਗੋਂ ਤੂੰ ਉਨ੍ਹਾਂ ਵਿੱਚੋਂ ਹੈਂ ਜੋ ਮੈਨੂੰ ਦੁੱਖ ਦਿੰਦੇ ਹਨ ਕਿਉਂ ਜੋ ਮੈਂ ਯਹੋਵਾਹ ਨੂੰ ਬਚਨ ਦਿੱਤਾ ਹੈ ਅਤੇ ਟਾਲ ਨਹੀਂ ਸੱਕਦਾ।
36ਉਸ ਨੇ ਉਹ ਨੂੰ ਆਖਿਆ, ਹੇ ਮੇਰੇ ਪਿਉ, ਜੋ ਤੈਂ ਯਹੋਵਾਹ ਨੂੰ ਬਚਨ ਦਿੱਤਾ ਹੈ ਸੋ ਜੋ ਕੁਝ ਤੂੰ ਮੂੰਹੋਂ ਕੱਢਿਆ ਹੈ ਸੋ ਮੇਰੇ ਨਾਲ ਕਰ ਕਿਉਂ ਜੋ ਯਹੋਵਾਹ ਨੇ ਤੇਰੇ ਵੈਰੀ ਅੰਮੋਨੀਆਂ ਤੋਂ ਤੇਰਾ ਬਦਲਾ ਲਿਆ ਹੈ।
37ਫਿਰ ਉਸ ਨੇ ਆਪਣੇ ਪਿਉ ਨੂੰ ਆਖਿਆ, ਮੇਰੇ ਲਈ ਇੰਨਾ ਕਰ। ਦੋ ਮਹੀਨੇ ਮੈਨੂੰ ਛੱਡ ਦੇਹ ਜੋ ਮੈਂ ਪਹਾੜਾਂ ਵਿੱਚ ਫਿਰਾਂ ਅਤੇ ਮੈਂ ਆਪਣੀਆਂ ਸਹੇਲੀਆਂ ਨਾਲ ਆਪਣੇ ਕੁਆਰਪੁਣੇ ਦਾ ਸੋਗ ਕਰਾਂ।
38ਉਹ ਬੋਲਿਆ, ਜਾਹ ਅਤੇ ਉਸ ਨੇ ਉਸ ਨੂੰ ਦੋਂਹ ਮਹੀਨਿਆਂ ਦੀ ਵਿਹਲ ਦਿੱਤੀ ਅਤੇ ਉਹ ਆਪਣੀਆਂ ਸਹੇਲੀਆਂ ਨੂੰ ਨਾਲ ਲੈ ਕੇ ਗਈ ਅਤੇ ਪਹਾੜਾਂ ਉੱਤੇ ਆਪਣੇ ਕੁਆਰਪੁਣੇ ਤੇ ਰੋਈ ਪਿੱਟੀ।
39ਅਜੇਹਾ ਹੋਇਆ ਕਿ ਦੌਂਹ ਮਹੀਨਿਆਂ ਪਿੱਛੋਂ ਉਹ ਆਪਣੇ ਪਿਉ ਕੋਲ ਆਈ ਅਤੇ ਉਹ ਨੇ ਉਸ ਦੇ ਨਾਲ ਉਸ ਸੁੱਖਣਾ ਅਨੁਸਾਰ ਜੋ ਉਸ ਸੁੱਖੀ ਸੀ ਕੀਤਾ ਅਤੇ ਉਹ ਪੁਰਖ ਤੋਂ ਅਣਜਾਣ ਰਹੀ, ਉਪਰੰਤ ਇਸਰਾਏਲੀਆਂ ਵਿੱਚ ਇਹ ਮਰਜਾਦਾ ਠਹਿਰੀ।
40ਜੋ ਵਰਹੇ ਦੇ ਵਰਹੇ ਇਸਰਾਏਲੀਆਂ ਦੀਆਂ ਧੀਆਂ ਵਰਹੇ ਵਿੱਚ ਚਾਰ ਦਿਨ ਤੋੜੀ ਯਿਫ਼ਤਾਹ ਗਿਲਆਦੀ ਦੀ ਧੀ ਦਾ ਸੋਗ ਕਰਨ ਜਾਂਦੀਆਂ ਸਨ।