Loading Bible Translation
First-time download in progress. This may take a few seconds…
Punjabi Bible Wordproject Bible
15 verses
1ਉਨ੍ਹਾਂ ਨੂੰ ਚੇਤੇ ਕਰਾ ਭਈ ਹਾਕਮਾਂ ਅਤੇ ਇਖ਼ਤਿਆਰ ਵਾਲਿਆਂ ਦੇ ਅਧੀਨ ਹੋਣ ਅਤੇ ਆਗਿਆਕਾਰ ਬਣੇ ਰਹਿਣ। ਨਾਲੇ ਹਰੇਕ ਸ਼ੁਭ ਕਰਮ ਉੱਤੇ ਲੱਕ ਬੰਨ੍ਹੀ ਰੱਖਣ।
2ਕਿਸੇ ਦੀ ਬਦਨਾਮੀ ਨਾ ਕਰਨ। ਝਗੜਾਲੂ ਨਹੀਂ ਸਗੋਂ ਸੀਲ ਸੁਭਾਉ ਹੋਣ ਅਤੇ ਸੱਭੇ ਮਨੁੱਖਾਂ ਨਾਲ ਪੂਰੀ ਨਰਮਾਈ ਰੱਖਣ।
3ਕਿਉਂ ਜੋ ਪਹਿਲਾਂ ਤਾਂ ਅਸੀਂ ਵੀ ਨਦਾਨ, ਅਣਆਗਿਆਕਾਰ, ਧੋਖਾ ਖਾਣ ਵਾਲੇ, ਅਨੇਕ ਪਰਕਾਰ ਦੇ ਬੁਰਿਆਂ ਵਿਸ਼ਿਆਂ ਅਤੇ ਭੋਗ ਬਿਲਾਸਾਂ ਦੇ ਗੁਲਾਮ ਸਾਂ, ਬੁਰਿਆਈ ਅਤੇ ਖਾਰ ਵਿੱਚ ਉਮਰ ਭੋਗਦੇ ਸਾਂ, ਘਿਣਾਉਣੇ ਅਤੇ ਇੱਕ ਦੂਏ ਦੇ ਵੈਰੀ ਸਾਂ।
4ਪਰ ਜਾਂ ਸਾਡੇ ਮੁਕਤੀ ਦਾਤਾ ਪਰਮੇਸ਼ੁਰ ਦੀ ਦਿਆਲਗੀ ਅਤੇ ਪ੍ਰੇਮ ਜੋ ਮਨੁੱਖਾਂ ਨਾਲ ਸੀ ਪਰਗਟ ਹੋਇਆ।
5ਤਾਂ ਉਸ ਨੇ ਉਨ੍ਹਾਂ ਧਰਮ ਦੇ ਕਰਮਾਂ ਕਰਕੇ ਨਹੀਂ ਜੋ ਅਸਾਂ ਕੀਤੇ ਸਗੋਂ ਆਪਣੇ ਰਹਮ ਦੇ ਅਨੁਸਾਰ ਨਵੇਂ ਜਨਮ ਦੇ ਅਸ਼ਨਾਨ ਅਤੇ ਪਵਿੱਤਰ ਆਤਮਾ ਦੇ ਨਵੇਂ ਬਣਾਉਣ ਦੇ ਵਸੀਲੇ ਨਾਲ ਸਾਨੂੰ ਬਚਾਇਆ।
6ਜਿਹ ਨੂੰ ਉਸ ਨੇ ਸਾਡੇ ਮੁਕਤੀ ਦਾਤਾ ਯਿਸੂ ਮਸੀਹ ਦੇ ਦੁਆਰਾ ਸਾਡੇ ਉੱਤੇ ਬਹੁਤ ਕਰਕੇ ਵਹਾ ਦਿੱਤਾ।
7ਭਈ ਅਸੀਂ ਉਹ ਦੀ ਕਿਰਪਾ ਨਾਲ ਧਰਮੀ ਠਹਿਰ ਕੇ ਆਸ ਦੇ ਅਨੁਸਾਰ ਸਦੀਪਕ ਜੀਵਨ ਦੇ ਅਧਕਾਰੀ ਹੋਈਏ।
8ਇਹ ਬਚਨ ਸਤ ਹੈ ਅਤੇ ਮੈਂ ਇਹੋ ਚਾਹੁੰਦਾ ਹਾਂ ਜੋ ਤੂੰ ਇਨ੍ਹਾਂ ਗੱਲਾਂ ਦੇ ਵਿਖੇ ਪਕਿਆਈ ਨਾਲ ਬੋਲਿਆ ਕਰੇਂ ਭਈ ਜਿਨ੍ਹਾਂ ਪਰਮੇਸ਼ੁਰ ਦੀ ਪਰਤੀਤ ਕੀਤੀ ਹੈ ਓਹ ਸ਼ੁਭ ਕਰਮ ਕਰਨ ਵਿੱਚ ਚਿੱਤ ਲਾਉਣ। ਏਹ ਗੱਲਾਂ ਭਲੀਆਂ ਅਤੇ ਮਨੁੱਖਾਂ ਲਈ ਗੁਣਕਾਰ ਹਨ।
9ਪਰ ਮੂਰਖਪੁਣੇ ਦਿਆਂ ਪ੍ਰਸ਼ਨਾਂ ਅਤੇ ਕੁਲਪੱਤ੍ਰੀਆਂ ਅਤੇ ਝਗੜਿਆਂ ਅਤੇ ਉਨ੍ਹਾਂ ਬਖੇੜਿਆਂ ਤੋਂ ਜਿਹੜੇ ਸ਼ਰਾ ਦੇ ਵਿਖੇ ਹੋਣ ਲਾਂਭੇ ਰਹੁ ਕਿਉਂ ਜੋ ਏਹ ਨਿਸਫਲ ਅਤੇ ਅਕਾਰਥ ਹਨ।
10ਜਿਹੜਾ ਮਨੁੱਖ ਕੁਪੰਥੀ ਹੋਵੇ ਇੱਕ ਦੋ ਵਾਰੀ ਉਹ ਨੂੰ ਮੱਤ ਦੇ ਕੇ ਉਸ ਤੋਂ ਪਰੇ ਰਹੁ।
11ਕਿਉਂ ਜੋ ਤੂੰ ਜਾਣਦਾ ਹੈਂ ਭਈ ਇਹੋ ਜਿਹਾ ਮਨੁੱਖ ਬੇਮੁਖ ਹੋਇਆ ਹੋਇਆ ਹੈ ਅਤੇ ਪਾਪ ਕਰਦਾ ਅਤੇ ਆਪਣੇ ਆਪ ਨੂੰ ਦੋਸ਼ੀ ਬਣਾਉਂਦਾ ਹੈ।
12ਜਦ ਮੈਂ ਅਰਤਿਮਾਸ ਯਾ ਤੁਖਿਕੁਸ ਨੂੰ ਤੇਰੇ ਕੋਲ ਘੱਲਾਂ ਤਾਂ ਤੂੰ ਨਿਕੁਪੁਲਿਸ ਵਿੱਚ ਮੇਰੇ ਕੋਲ ਆਉਣ ਦਾ ਜਤਨ ਕਰੀਂ ਕਿਉਂ ਜੋ ਮੈਂ ਉੱਥੇ ਸਿਆਲ ਕੱਟਣ ਦੀ ਦਲੀਲ ਕੀਤੀ ਹੈ।
13ਜ਼ੇਨਸ ਸ਼ਰਾ ਦੇ ਪੜ੍ਹਾਉਣ ਵਾਲੇ ਅਤੇ ਅਪੁੱਲੋਸ ਨੂੰ ਜਤਨ ਕਰ ਕੇ ਅਗਾਹਾਂ ਤੋਰ ਦਿਹ ਭਈ ਓਹਨਾਂ ਨੂੰ ਕਾਸੇ ਦੀ ਥੁੜ ਨਾ ਹੋਵੇ।
14ਅਤੇ ਸਾਡੇ ਲੋਕਾਂ ਨੂੰ ਵੀ ਇਹ ਸਿੱਖਣਾ ਚਾਹੀਦਾ ਹੈ ਭਈ ਜਰੂਰੀ ਲੋੜਾਂ ਪੂਰੀਆਂ ਕਰਨ ਲਈ ਸ਼ੁਭ ਕਰਮ ਕਰਨ ਵਿੱਚ ਚਿੱਤ ਲਾਉਣ ਭਈ ਓਹ ਨਿਸਫਲ ਨਾ ਰਹਿਣ।
15ਸੱਭੇ ਜੋ ਮੇਰੇ ਨਾਲ ਹਨ ਤੇਰੀ ਸੁਖ ਸਾਂਦ ਪੁੱਛਦੇ ਹਨ। ਜਿਹੜੇ ਨਿਹਚਾ ਵਿਖੇ ਸਾਡੇ ਨਾਲ ਤਿਹ ਰੱਖਦੇ ਹਨ ਓਹਨਾਂ ਨੂੰ ਸੁਖ ਸਾਂਦ ਆਖੀਂ। ਤੁਸਾਂ ਸਭਨਾਂ ਉੱਤੇ ਕਿਰਪਾ ਹੁੰਦੀ ਰਹੇ।